Invest-Punjab-Summit-2026

ਪੰਜਾਬ ਨਿਵੇਸ਼ ਸੰਮੇਲਨ 2026 : ਪਹਿਲੇ ਦਿਨ ਹੀ 10,000 ਕਰੋੜ ਦੇ ਨਿਵੇਸ਼ ਦਾ ਵਾਅਦਾ

ਕੇਜਰੀਵਾਲ ਤੇ ਮਾਨ ਦਾ ਵੱਡਾ ਦਾਅਵਾ; ਉਦਯੋਗਾਂ ਨੂੰ ਚੀਨ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਵਾਂਗੇ

ਮੋਹਾਲੀ , 14 ਮਾਰਚ : ਮੋਹਾਲੀ ਵਿੱਚ ‘ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ 2026’ ਦਾ ਆਗਾਜ਼ ਬਹੁਤ ਹੀ ਸ਼ਾਨਦਾਰ ਰਿਹਾ। ਸੰਮੇਲਨ ਦੇ ਪਹਿਲੇ ਦਿਨ ਹੀ ਦੇਸ਼ ਦੇ ਵੱਡੇ ਉਦਯੋਗਪਤੀਆਂ ਨੇ ਪੰਜਾਬ ਵਿੱਚ 10,000 ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ ਕਰਦਿਆਂ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਵੇਸ਼ਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਵਿਸ਼ਵ ਪੱਧਰੀ ਬਣਾਉਣ ਦਾ ਵਿਜ਼ਨ ਪੇਸ਼ ਕੀਤਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਉਦਯੋਗਾਂ ਨੂੰ ਚੀਨ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਖ਼ੂਨ ਵਿੱਚ ਉੱਦਮਤਾ ਦੌੜਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਸਹੀ ਮੌਕਾ ਮਿਲੇ ਤਾਂ ਉਹ ਚੀਨ ਨਾਲੋਂ ਸਸਤੇ ਅਤੇ ਬਿਹਤਰ ਉਤਪਾਦ ਤਿਆਰ ਕਰ ਸਕਦੇ ਹਨ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ 1.5 ਲੱਖ ਕਰੋੜ ਰੁਪਏ ਦਾ ਅਸਲ ਨਿਵੇਸ਼ ਹੋ ਚੁੱਕਾ ਹੈ, ਜਿਸ ਨਾਲ 5.5 ਲੱਖ ਨੌਕਰੀਆਂ ਪੈਦਾ ਹੋਣਗੀਆਂ।

ਉਦਯੋਗਪਤੀਆਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਪੰਜਾਬ ਸਰਕਾਰ ਨੇ 45 ਦਿਨਾਂ ਦੀ ‘ਸਿੰਗਲ-ਵਿੰਡੋ ਕਲੀਅਰੈਂਸ’ ਪ੍ਰਣਾਲੀ ਸ਼ੁਰੂ ਕੀਤੀ ਹੈ। ਜੇਕਰ 45 ਦਿਨਾਂ ਵਿੱਚ ਪ੍ਰਵਾਨਗੀ ਨਹੀਂ ਮਿਲਦੀ, ਤਾਂ ਸਾਫਟਵੇਅਰ ਆਪਣੇ ਆਪ 46ਵੇਂ ਦਿਨ ‘ਡੀਮਡ ਅਪਰੂਵਲ’ ਜਾਰੀ ਕਰ ਦਿੰਦਾ ਹੈ। ਛੋਟੇ ਕਾਰੋਬਾਰਾਂ (MSMEs) ਲਈ ਇਹ ਪ੍ਰਕਿਰਿਆ ਹੋਰ ਵੀ ਸੌਖੀ ਹੈ, ਜਿੱਥੇ 15 ਕਰੋੜ ਤੱਕ ਦੇ ਨਿਵੇਸ਼ ਲਈ ਸਿਰਫ਼ 5 ਦਿਨਾਂ ਵਿੱਚ ਪ੍ਰਵਾਨਗੀ ਮਿਲ ਜਾਂਦੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ HMEL, ਟਾਟਾ ਸਟੀਲ, JSW, ਟ੍ਰਾਈਡੈਂਟ ਗਰੁੱਪ, ਹੀਰੋ ਇੰਡਸਟਰੀਜ਼ ਵਰਗੇ ਦਿੱਗਜਾਂ ਨੇ ਆਪਣੇ ਕਾਰੋਬਾਰ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਉਪਜਾਊ ਮਿੱਟੀ ਵਿੱਚ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ, ਇੱਥੇ ਸਿਰਫ਼ ਤਰੱਕੀ ਅਤੇ ਉਦਯੋਗ ਉੱਗਦੇ ਹਨ। ਮਾਨ ਨੇ ਸਿੱਖਿਆ ਅਤੇ ਸਿਹਤ ਵਿੱਚ ਕੀਤੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ JEE ਅਤੇ NEET ਵਰਗੀਆਂ ਪ੍ਰੀਖਿਆਵਾਂ ਵਿੱਚ ਮੱਲਾਂ ਮਾਰ ਰਹੇ ਹਨ, ਜਿਸ ਨਾਲ ਉਦਯੋਗਾਂ ਨੂੰ ਹੁਨਰਮੰਦ ਮਨੁੱਖੀ ਸ਼ਕਤੀ ਮਿਲੇਗੀ।

ਸਰਕਾਰ ਨੇ ਸਿਹਤ ਸੰਭਾਲ ਵਿੱਚ ਸੁਧਾਰ ਕਰਦਿਆਂ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਯਕੀਨੀ ਬਣਾਇਆ ਹੈ। ਸੜਕੀ ਬੁਨਿਆਦੀ ਢਾਂਚਾ ਅਤੇ 6 ਕਾਰਜਸ਼ੀਲ ਹਵਾਈ ਅੱਡੇ (ਮੋਹਾਲੀ, ਅੰਮ੍ਰਿਤਸਰ, ਬਠਿੰਡਾ ਆਦਿ) ਪੰਜਾਬ ਨੂੰ ਵਿਸ਼ਵ ਪੱਧਰ ‘ਤੇ ਜੋੜ ਰਹੇ ਹਨ।

ਕੇਜਰੀਵਾਲ ਨੇ ‘ਆਪ’ ਨੂੰ ਇੱਕ ਰਾਜਨੀਤਿਕ ‘ਯੂਨੀਕੋਰਨ’ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੜ੍ਹੇ-ਲਿਖੇ ਲੋਕਾਂ ਦੀ ਪਾਰਟੀ ਹੈ ਜੋ ਵਿਗਿਆਨਕ ਢੰਗ ਨਾਲ ਸਮੱਸਿਆਵਾਂ ਦਾ ਹੱਲ ਕਰਦੀ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ‘ਨੰਬਰ ਇੱਕ’ ਬਣਾਉਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ।

Read More : ਹਵਾਈ ਸਫ਼ਰ ਹੋਇਆ ਮਹਿੰਗਾ: ਇੰਡੀਗੋ ਨੇ ਉਡਾਣਾਂ ‘ਤੇ ਲਗਾਇਆ ‘ਫਿਊਲ ਸਰਚਾਰਜ’

Leave a Reply

Your email address will not be published. Required fields are marked *