ਹੜ੍ਹ-ਰੋਕੂ-ਪ੍ਰਬੰਧ

ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਖ਼ਰਚ ਰਹੀ ਹੈ 600 ਕਰੋੜ : ਬਰਿੰਦਰ ਗੋਇਲ

30 ਜੂਨ ਤੱਕ ਮੁਕੰਮਲ ਹੋਣਗੇ ਸਾਰੇ ਹੜ੍ਹ ਰੋਕੂ ਪ੍ਰਬੰਧ; 132 ਸੰਵੇਦਨਸ਼ੀਲ ਥਾਵਾਂ ਦੀ ਕੀਤੀ ਗਈ ਸ਼ਨਾਖ਼ਤ

ਸ਼ਹੀਦ ਭਗਤ ਸਿੰਘ ਨਗਰ, 30 ਅਪ੍ਰੈਲ : ਪੰਜਾਬ ਦੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਮਾਨਸੂਨ ਤੋਂ ਪਹਿਲਾਂ ਹੜ੍ਹ ਰੋਕਥਾਮ ਕਾਰਜਾਂ ਨੂੰ ਮੁਕੰਮਲ ਕਰਵਾਉਣ ਲਈ ਸੂਬੇ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਉਨ੍ਹਾਂ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੁਰਜ ਟਹਿਲ ਦਾਸ ਵਿਖੇ ਸਤਲੁਜ ਦਰਿਆ ਦੇ ਕੰਢੇ ਚੱਲ ਰਹੇ ਮਜ਼ਬੂਤੀਕਰਨ ਦੇ ਕੰਮਾਂ ਦਾ ਨਿਰੀਖਣ ਕੀਤਾ।

ਮੰਤਰੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਹੜ੍ਹਾਂ ਦੀ ਰੋਕਥਾਮ ਲਈ 600 ਕਰੋੜ ਰੁਪਏ ਖ਼ਰਚ ਕਰ ਰਹੀ ਹੈ ਅਤੇ 30 ਜੂਨ ਤੱਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਵਿਸ਼ੇਸ਼ ਕਮੇਟੀ ਵੱਲੋਂ ਸੂਬੇ ਦੇ ਦਰਿਆਵਾਂ ਵਿੱਚ 132 ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਨੇ ਹਲਕਾ ਬੰਗਾ ਦੇ ਪਿੰਡ ਢੱਕ ਮਜਾਰਾ ਅਤੇ ਮੰਡੀ ਵਿਖੇ ਪਾਈਪਾਂ ਰਾਹੀਂ ਖੇਤਾਂ ਨੂੰ ਪਾਣੀ ਦੇਣ ਦੇ ਕੰਮ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1030 ਏਕੜ ਜ਼ਮੀਨ ਨੂੰ ਪਾਈਪਲਾਈਨ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਦਕਿ ਪਹਿਲਾਂ ਸਿਰਫ਼ 33 ਏਕੜ ਨੂੰ ਹੀ ਪਾਣੀ ਮਿਲਦਾ ਸੀ।

ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਔੜ ਹੈਡਵਰਕਸ ਉੱਤੇ ਸਾਲ 2023 ਵਿੱਚ ਲਗਾਏ ਗਏ ‘ਗੇਟ ਗੇਅਰਿੰਗ ਸਿਸਟਮ’ ਸਦਕਾ ਅਪਰਾ ਰਜਵਾਹਾ, ਲਸਾੜਾ ਰਜਵਾਹਾ ਅਤੇ ਬਖਲੌਰ ਡਿੱਚ ਨੂੰ ਪੂਰਾ ਪਾਣੀ ਮਿਲਣਾ ਸ਼ੁਰੂ ਹੋਇਆ ਹੈ। ਹੁਣ ਬਖਲੌਰ ਡਿੱਚ ਦੀ ਟੇਲ (ਅੰਤ) ਤੱਕ ਪਾਣੀ ਪਹੁੰਚਾਉਣ ਲਈ 16,829 ਫੁੱਟ ਲੰਬੀ ਪਾਈਪਲਾਈਨ ਪਾਈ ਜਾ ਰਹੀ ਹੈ। ਇਸ ਨਾਲ ਤਹਿਸੀਲ ਫਿਲੌਰ ਦੇ ਪਿੰਡ ਮੰਡੀ ਅਤੇ ਢੱਕ ਮਜ਼ਾਰਾ ਨੂੰ ਵੱਡੀ ਰਾਹਤ ਮਿਲੇਗੀ।

ਉਨ੍ਹਾਂ ਕਿਹਾ ਕਿ ਅਪਰਾ ਸੈਕਸ਼ਨ ਵਿੱਚ ਸਿੰਚਾਈ ਦਾ ਰਕਬਾ 7,000 ਏਕੜ ਤੋਂ ਵਧ ਕੇ 20,000 ਏਕੜ ਹੋ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦੇ ਇਨ੍ਹਾਂ ਯਤਨਾਂ ਸਦਕਾ ਹੁਣ ਨਾ ਤਾਂ ਪਾਣੀ ਨਾਲ ਨੁਕਸਾਨ ਹੁੰਦਾ ਹੈ ਅਤੇ ਨਾ ਹੀ ਕਿਤੇ ਸੋਕਾ ਪੈਂਦਾ ਹੈ।

Read More : ਮਜ਼ਦੂਰ ਦਿਵਸ ਮੌਕੇ ਕਿਰਤ ਮੰਤਰੀ ਸੌਂਦ ਵੱਲੋਂ ਕਾਮਿਆਂ ਨੂੰ ਵਧਾਈ; ਭਲਾਈ ਸਕੀਮਾਂ ਦਾ ਲਾਭ ਲੈਣ ਦਾ ਸੱਦਾ

Leave a Reply

Your email address will not be published. Required fields are marked *