ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਫਿਰੋਜ਼ਪੁਰ ਤੋਂ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਫਿਰੋਜ਼ਪੁਰ, 8 ਨਵੰਬਰ : ਸਰਹੱਦੀ ਜ਼ਿਲਾ ਫਿਰੋਜ਼ਪੁਰ ਨੂੰ ‘ਵੰਦੇ ਭਾਰਤ’ ਦੀ ਸੌਗਾਤ ਮਿਲ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਥੇ ਵਰਚੁਅਲੀ ਟ੍ਰੇਨ ਦਾ ਉਦਘਾਟਨ ਕੀਤਾ, ਉਥੇ ਹੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਇੱਥੋਂ ਹਰੀ ਝੰਡੀ ਦਿਖਾ ਕੇ ਟ੍ਰੇਨ ਨੂੰ ਰਵਾਨਾ ਕੀਤਾ।
ਇਸ ਮੌਕੇ ਭਾਜਪਾ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਰਾਕੇਸ਼ ਰਾਠੌਰ, ਜ਼ਿਲਾ ਭਾਜਪਾ ਪ੍ਰਧਾਨ ਸਰਬਜੀਤ ਬੌਬੀ ਬਾਥ, ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੀ ਮੌਜੂਦ ਸਨ।
ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ’ਤੇ ਇਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਡੀ. ਆਰ. ਐੱਮ. ਫਿਰੋਜ਼ਪੁਰ ਸੰਜੀਵ ਕੁਮਾਰ ਨੇ ਕੀਤੀ। ਇਸ ਮੌਕੇ ਸਮਾਜਿਕ ਸੰਗਠਨਾਂ ਦੇ ਅਹੁਦੇਦਾਰ ਅਤੇ ਮੈਂਬਰ ਤੇ ਹੋਰ ਪਤਵੰਤੇ ਮੌਜੂਦ ਸਨ, ਜਿਨ੍ਹਾਂ ਨੇ ਫਿਰੋਜ਼ਪੁਰ ਤੋਂ ‘ਵੰਦੇ ਭਾਰਤ’ ਰੇਲਗੱਡੀ ਚਲਾਉਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ‘ਵੰਦੇ ਭਾਰਤ’ ਦੇ ਇਸ ਇਤਿਹਾਸਕ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਰੇਲਗੱਡੀ ਫਿਰੋਜ਼ਪੁਰ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ।
ਇਹ ਰੇਲਗੱਡੀ ਸਵੇਰੇ 7:55 ਵਜੇ ਫਿਰੋਜ਼ਪੁਰ ਤੋਂ ਰਵਾਨਾ ਹੋਵੇਗੀ ਅਤੇ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ, ਕੁਰੂਕਸ਼ੇਤਰ ਅਤੇ ਪਾਣੀਪਤ ਹੁੰਦੀ ਹੋਈ ਦੁਪਹਿਰ 2:35 ਵਜੇ ਪੁਰਾਣੀ ਦਿੱਲੀ ਪਹੁੰਚੇਗੀ। ਇਹ ਦਿੱਲੀ ਤੋਂ ਸ਼ਾਮ 4:00 ਵਜੇ ਰਵਾਨਾ ਹੋਵੇਗੀ ਅਤੇ ਰਾਤ 10:35 ਵਜੇ ਫਿਰੋਜ਼ਪੁਰ ਪਹੁੰਚੇਗੀ।
ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਲਈ ਰੇਲਵੇ ਨੇ ਇਸ ਵਾਰ ਪੂਰਾ ਪਿਟਾਰਾ ਖੋਲਿਆ ਹੈ, ਜੋ ਕਿ ਮੋਦੀ ਸਰਕਾਰ ਦੀ ਦੇਣ ਹੈ।
Read More : ਉਦਯੋਗਪਤੀ ਰਾਜਿੰਦਰ ਗੁਪਤਾ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
