ਚੰਡੀਗੜ੍ਹ, 20 ਦਸੰਬਰ : ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ। ਇਸ ਦੌਰਾਨ ਪੰਜਾਬ ਮੰਤਰੀ ਮੰਡਲ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਇਤਰਾਜ਼ ਅਤੇ ਅਪੀਲਾਂ ਦਾਇਰ ਕਰਨ ਦੀ ਹੱਦ ਘਟਾਉਣ ਲਈ ਪੰਜਾਬ ਆਬਾਦੀ ਦੇਹ (ਰਿਕਾਰਡ ਆਫ਼ ਰਾਈਟਸ) ਐਕਟ, 2021 ’ਚ ਸੋਧ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੰਤਰੀ ਮੰਡਲ ਨੇ ਪੰਜਾਬ ਆਬਾਦੀ ਦੇਹ (ਰਿਕਾਰਡ ਆਫ਼ ਰਾਈਟਸ) ਐਕਟ, 2021 ਦੀ ਧਾਰਾ 11 ’ਚ ਸੋਧ ਕਰਨ ਨੂੰ ਵੀ ਸਹਿਮਤੀ ਦੇ ਦਿੱਤੀ ਹੈ। ਇਸੇ ਤਰ੍ਹਾਂ ਐਕਟ ਦੀ ਧਾਰਾ 12(4) ’ਚ ਸੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ (ਆਈ. ਡੀ. ਬੀ. ਪੀ) 2022 ’ਚ ਇਤਿਹਾਸਕ ਸੋਧ ਨੂੰ ਪ੍ਰਵਾਨਗੀ : ਕੈਬਨਿਟ ਨੇ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ (ਆਈ. ਬੀ. ਡੀ. ਪੀ.) 2022 ’ਚ ਇਕ ਅਹਿਮ ਸੋਧ ਨੂੰ ਵੀ ਪ੍ਰਵਾਨਗੀ ਦਿੱਤੀ, ਜੋ ਆਈ. ਬੀ. ਡੀ. ਪੀ. -2022 ਅਧੀਨ ਵਿੱਤੀ ਪ੍ਰੋਤਸਾਹਨ ਪ੍ਰਾਪਤ ਕਰਨ ਲਈ ਬੈਂਕ ਗਾਰੰਟੀ ਪ੍ਰਦਾਨ ਕਰਨ ਦੀ ਸ਼ਰਤ ਦਾ ਬਦਲ ਹੈ।
ਥਰਮਲ ਪਲਾਂਟ, ਬਠਿੰਡਾ ਦੀ 253 ਏਕੜ ਜ਼ਮੀਨ ਦੀ ਮੁੜ ਵੰਡ ਨੂੰ ਹਰੀ ਝੰਡੀ
ਕੈਬਨਿਟ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਦੀ 253 ਏਕੜ ਜ਼ਮੀਨ, ਜੋ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਤਬਦੀਲ ਕੀਤੀ ਗਈ ਸੀ, ਦੀ ਮੁੜ ਵੰਡ ਨੂੰ ਵੀ ਹਰੀ ਝੰਡੀ ਦੇ ਦਿੱਤੀ।
ਪੰਜਾਬ ਪ੍ਰਬੰਧਨ ਅਤੇ ਮਿਊਂਸਪਲ ਪ੍ਰਾਪਰਟੀਜ਼ ਨਿਯਮ, 2021 ਦੇ ਨਿਯਮ 3 ਅਤੇ 16 (1) ’ਚ ਸੋਧ ਨੂੰ ਸਹਿਮਤੀ
ਕੈਬਨਿਟ ਨੇ ਨਗਰ ਪਾਲਿਕਾਵਾਂ ਤੇ ਸ਼ਹਿਰੀ ਸਥਾਨਕ ਇਕਾਈਆਂ ਵੱਲੋਂ ਵੇਚੀਆਂ ਜਾਂ ਤਬਦੀਲ ਕੀਤੀਆਂ ਜਾਣ ਵਾਲੀਆਂ ਉੱਚ-ਮੁੱਲ ਵਾਲੀਆਂ ਜਾਇਦਾਦਾਂ, ਜਿਨ੍ਹਾਂ ਨੂੰ ‘ਚੰਕ ਸਾਈਟਾਂ’ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਲਈ ਭੁਗਤਾਨ ਸ਼ਡਿਊਲ ’ਚ ਸੋਧ ਲਈ ਪੰਜਾਬ ਪ੍ਰਬੰਧਨ ਅਤੇ ਮਿਊਂਸਪਲ ਪ੍ਰਾਪਰਟੀਜ਼ ਨਿਯਮ, 2021 ਦੇ ਨਿਯਮ 3 ਅਤੇ 16 (1) ’ਚ ਸੋਧ ਕਰਨ ਲਈ ਆਪਣੀ ਸਹਿਮਤੀ ਵੀ ਦਿੱਤੀ ਹੈ।
ਮਨਰੇਗਾ ਬਾਰੇ ਚਰਚਾ ਕਰਨ ਲਈ 30 ਦਸੰਬਰ ਨੂੰ ਬੁਲਾਇਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
ਕੈਬਨਿਟ ਨੇ ਮਨਰੇਗਾ ’ਤੇ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਸੋਧਾਂ ’ਤੇ ਚਰਚਾ ਕਰਨ ਲਈ 30 ਦਸੰਬਰ, 2025 ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ।
Read More : ਨੇਤਰਹੀਣ ਯੂਨੀਅਨਾਂ ਦੀ ਹਰ ਜਾਇਜ਼ ਮੰਗ ਪੂਰੀ ਕੀਤੀ ਜਾਵੇਗੀ : ਡਾ. ਬਲਜੀਤ ਕੌਰ
