ਚੰਡੀਗੜ੍ਹ, 1 ਸਤੰਬਰ : ਪੰਜਾਬ ’ਚ ਹੜ੍ਹਾਂ ਅਤੇ ਖਰਾਬ ਮੌਸਮ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ’ਚ 3 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਵਲੋਂ ਦਾਖਲੇ ਅਤੇ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਵੀ ਬਦਲ ਦਿੱਤੀਆਂ ਗਈਆਂ ਹਨ।
ਇਸ ਸਬੰਧ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ 8ਵੀਂ ਤੋਂ 12ਵੀਂ ਜਮਾਤ ਤੱਕ ਦੇ ਦਾਖਲਿਆਂ ਦੀਆਂ ਆਖਰੀ ਤਰੀਕਾਂ ਵੀ ਬਦਲ ਦਿੱਤੀਆਂ ਗਈਆਂ ਹਨ।
ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਐਸੋਸੀਏਟਿਡ ਸਕੂਲਾਂ ਦੇ ਵਿਦਿਆਰਥੀਆਂ ਲਈ ਅਕਾਦਮਿਕ ਸੈਸ਼ਨ 2025-26 ’ਚ 8ਵੀਂ ਤੋਂ 12ਵੀਂ ਜਮਾਤ ਤੱਕ ਦੇ ਨਿਯਮਤ ਦਾਖਲਿਆਂ ਦੀ ਆਖਰੀ ਮਿਤੀ 29 ਅਗਸਤ ਤੋਂ ਵਧਾ ਕੇ 10 ਸਤੰਬਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, ਰਜਿਸਟ੍ਰੇਸ਼ਨ ਅਤੇ ਨਿਰੰਤਰਤਾ ਦੀ ਆਖਰੀ ਮਿਤੀ ਜੋ ਪਹਿਲਾਂ 9 ਸਤੰਬਰ ਨਿਰਧਾਰਿਤ ਕੀਤੀ ਗਈ ਸੀ, ਹੁਣ 19 ਸਤੰਬਰ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਕਦਮ ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਚੁੱਕਿਆ ਗਿਆ ਹੈ, ਤਾਂ ਜੋ ਮੌਸਮ ਅਤੇ ਹਾਲਾਤ ਤੋਂ ਪ੍ਰਭਾਵਿਤ ਕੋਈ ਵੀ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਦਾਖਲੇ ਤੋਂ ਵਾਂਝਾ ਨਾ ਰਹੇ।
Read More : ਸ਼ਹੀਦੀ ਨਗਰ ਕੀਰਤਨ ਬਨਾਰਸ ਤੋਂ ਅਗਲੇ ਪੜਾਅ ਇਲਾਹਾਬਾਦ ਲਈ ਰਵਾਨਾ
