ਇਸ ਵਿਚ ਅੱਧੇ ਤੋਂ ਜ਼ਿਆਦਾ ਕਿਤਾਬਾਂ 12ਵੀਂ ਜਮਾਤ ਨਾਲ ਸਬੰਧਤ
ਚੰਡੀਗੜ੍ਹ, 29 ਜਨਵਰੀ- ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਦੀ ਅਕੈਡਮਿਕ ਬ੍ਰਾਂਚ ਨੇ ਆਉਣ ਵਾਲੇ ਅਕੈਡਮਿਕ ਸੈਸ਼ਨ 2026-27 ਲਈ ਪਾਠਕ੍ਰਮ ਵਿਚ ਅਹਿਮ ਬਦਲਾਅ ਕਰਦਿਆਂ ਨਵੀਆਂ ਤਿਆਰ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਮੁਤਾਬਕ 3 ਜਮਾਤਾਂ ਦੀਆਂ ਕੁੱਲ 11 ਕਿਤਾਬਾਂ ਬਦਲੀਆਂ ਜਾਣਗੀਆਂ।
ਬੋਰਡ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਦੂਜੀ ਜਮਾਤ ਦੇ ਗਣਿਤ ਵਿਸ਼ੇ ਦੀਆਂ ਕਿਤਾਬਾਂ (ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਮਾਧਿਅਮ) ਹੁਣ ਐੱਸ.ਸੀ.ਈ.ਆਰ.ਟੀ. ਦੇ ਤਹਿਤ ਨਵੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 9ਵੀਂ ਅਤੇ 12ਵੀਂ ਜਮਾਤ ਲਈ ਕੰਪਿਊਟਰ ਸਾਇੰਸ (ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ) ਦੀਆਂ ਕਿਤਾਬਾਂ ਵੀ ਇਸ ਸੂਚੀ ਵਿਚ ਸ਼ਾਮਲ ਹਨ।
ਖਾਸ ਤੌਰ ’ਤੇ 12ਵੀਂ ਜਮਾਤ ਲਈ ਐਂਟਰਪ੍ਰੇਨਿਉਰਸ਼ਿਪ ਵਿਸ਼ੇ ਦੀ ਵਿਦਿਆਰਥੀ ਵਰਕਬੁੱਕ ਅਤੇ ਅਧਿਆਪਕ ਮੈਨੁਅਲ (ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ) ਵੀ ਨਵੇਂ ਸਿਰੇ ਤੋਂ ਜਾਰੀ ਕੀਤੇ ਜਾਣਗੇ। ਗੌਰਤਲਬ ਹੈ ਕਿ ਬਦਲੀਆਂ ਗਈਆਂ ਇਨ੍ਹਾਂ ਕਿਤਾਬਾਂ ਵਿਚ ਅੱਧੇ ਤੋਂ ਜ਼ਿਆਦਾ ਕਿਤਾਬਾਂ 12ਵੀਂ ਜਮਾਤ ਦੀਆਂ ਹਨ।
ਇਹ ਨਵੀਆਂ ਕਿਤਾਬਾਂ ਸਾਲ 2026-27 ਵਿਚ ਵਰਤੀਆਂ ਜਾਣਗੀਆਂ। ਬੋਰਡ ਵੱਲੋਂ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਤਾਬਾਂ ਦੀ ਸਪਲਾਈ ਲਈ ਆਪਣੀ ਮੰਗ ਭੇਜਣ ਸਮੇਂ ਪਿਛਲੇ ਸਾਲ (2025-26) ਦੇ ਅੰਕੜਿਆਂ ਨੂੰ ਹੀ ਆਧਾਰ ਬਣਾਉਣ।
Read More : ਸਿਹਤ ਵਿਭਾਗ ਦੇ ਦਾਵਿਆਂ ਦੀ ਖੁੱਲ੍ਹੀ ਪੋਲ, ਰਜਬਾਹੇ ’ਚੋਂ ਮਿਲੇ 3 ਭਰੂਣ
