ਪੁਲਸ ਨੇ ਭਰੂਣ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ
ਸ੍ਰੀ ਮੁਕਤਸਰ ਸਾਹਿਬ, 29 ਜਨਵਰੀ : ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਪਿੰਡ ਖਿੜਕੀਆਂਵਾਲਾ ਨੇੜੇ ਲੰਘਦੀ ਰੁਪਾਣਾ ਮਾਈਨਰ (ਰਜਬਾਹੇ) ’ਚੋਂ ਅੱਜ ਤਿੰਨ ਭਰੂਣ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਨੇ ਸਿਹਤ ਵਿਭਾਗ ਦੇ ਲਿੰਗ ਨਿਰਧਾਰਿਤ ਟੈਸਟ ਅਤੇ ਭਰੂਣ ਹੱਤਿਆ ਰੋਕਣ ਸਬੰਧੀ ਕੀਤੇ ਜਾਂਦੇ ਸਖ਼ਤ ਦਾਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਜਾਣਕਾਰੀ ਅਨੁਸਾਰ ਰਜਬਾਹੇ ਵਿਚ ਪਾਣੀ ਨਾ ਹੋਣ ਕਾਰਨ ਇਹ ਭਰੂਣ ਸਾਫ ਨਜ਼ਰ ਆ ਰਹੇ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜਾਂਚ ਅਧਿਕਾਰੀ ਸਬ-ਇੰਸਪੈਕਟਰ ਸੁਖਪਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ।
ਉਨ੍ਹਾਂ ਨੇ ਸ਼ਨੀਦੇਵ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਦੀ ਮਦਦ ਨਾਲ ਇਨ੍ਹਾਂ ਭਰੂਣਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਹੈ। ਪੁਲਸ ਮੁਤਾਬਕ ਮੁੱਢਲੀ ਜਾਂਚ ਵਿਚ ਇਹ ਭਰੂਣ ਕਰੀਬ ਡੇਢ ਤੋਂ ਦੋ ਮਹੀਨੇ ਦੇ ਜਾਪਦੇ ਹਨ।
ਇੱਕੋ ਥਾਂ ਤੋਂ ਤਿੰਨ ਭਰੂਣ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਇਲਾਕੇ ਵਿਚ ਗੈਰ-ਕਾਨੂੰਨੀ ਢੰਗ ਨਾਲ ਗਰਭਪਾਤ ਕਰਨ ਵਾਲੇ ਕੇਂਦਰ ਧੜੱਲੇ ਨਾਲ ਚੱਲ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
Read More : ਅਜੀਤ ਪਵਾਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
