pcs_exam

ਪੀ.ਐੱਸ.ਸੀ. ਦੀ ਮੁੱਢਲੀ ਪ੍ਰੀਖਿਆ 7 ਦਸੰਬਰ ਨੂੰ

85192 ਉਮੀਦਵਾਰਾਂ ਲਈ 6 ਜ਼ਿਲਿਆਂ ’ਚ 165 ਸੈਂਟਰ ਬਣਾਏ

ਚੰਡੀਗੜ੍ਹ, 6 ਦਸੰਬਰ : ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ. ਪੀ. ਐੱਸ. ਸੀ.) ਵੱਲੋਂ ਪੰਜਾਬ ਰਾਜ ਸਿਵਲ ਸੇਵਾਵਾਂ (ਪੀ. ਸੀ. ਐੱਸ.) ਦੀ 7 ਦਸੰਬਰ ਨੂੰ ਲਈ ਜਾਣ ਵਾਲੀ ਸਾਂਝੀ ਪ੍ਰਤੀਯੋਗੀ ਪ੍ਰੀਖਿਆ (ਪ੍ਰੀਲਿਮਨਰੀ) ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੀ. ਪੀ. ਐੱਸ. ਸੀ. ਦੇ ਚੇਅਰਮੈਨ, ਮੇਜਰ ਜਨਰਲ ਵਿਨਾਇਕ ਸੈਣੀ (ਸੇਵਾਮੁਕਤ) ਨੇ ਦੱਸਿਆ ਕਿ ਇਸ ਪ੍ਰੀਖਿਆ ਲਈ 85192 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।

ਚੇਅਰਮੈਨ ਨੇ ਕਿਹਾ ਕਿ ਕਮਿਸ਼ਨ ਨੇ ਉਮੀਦਵਾਰਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪ੍ਰੀਖਿਆ ਕਰਵਾਉਣ ਲਈ ਚੰਡੀਗੜ੍ਹ ਸਮੇਤ ਪੰਜਾਬ ਦੇ 6 ਜ਼ਿਲਿਆਂ ’ਚ 165 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ, ਪਟਿਆਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ ਅਤੇ ਸੰਗਰੂਰ ਵਿਖੇ ਬਣਾਏ ਗਏ ਇਨ੍ਹਾਂ ਸੈਂਟਰਾਂ ਨੂੰ 222 ਬਲਾਕਾਂ ਵਿੱਚ ਵੰਡਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ ਲਈ ਪੰਜਾਬ ਸਰਕਾਰ ਵੱਲੋਂ ਸਕੱਤਰ ਪੱਧਰ ਦੇ ਅਧਿਕਾਰੀਆਂ ਨੂੰ ਹਰੇਕ ਜ਼ਿਲੇ ਦਾ ਇੰਚਾਰਜ-ਨਿਗਰਾਨ ਨਿਯੁਕਤ ਕੀਤਾ ਗਿਆ ਹੈ ਅਤੇ ਆਬਜ਼ਰਵਰ ਵੱਖਰੇ ਤੌਰ ’ਤੇ ਲਗਾਏ ਗਏ ਹਨ।

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਜਾਰੀ ਸ਼ਡਿਊਲ ਅਨੁਸਾਰ ਇਹ ਪ੍ਰੀਖਿਆ ਦੋ ਸੈਸ਼ਨਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਸ਼ਾਮ 3 ਵਜੇ ਤੋਂ 5 ਵਜੇ ਤੱਕ ਲਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਪਹਿਲਾ ਪੇਪਰ ਜਨਰਲ ਸਟੱਡੀਜ਼ ਦਾ ਹੋਵੇਗਾ ਅਤੇ ਦੂਸਰਾ ਪੇਪਰ ਸਿਵਲ ਸਰਵਿਸਿਜ ਐਪਟੀਚਿਊਡ ਟੈਸਟ ਦਾ ਹੈ। ਉਨ੍ਹਾਂ ਕਿਹਾ ਕਿ ਸੀਸੈਟ ਦਾ ਪੇਪਰ ਕੁਆਲੀਫਾਇੰਗ ਹੀ ਹੋਵੇਗਾ ਅਤੇ ਇਸ ਵਿੱਚ ਉਮੀਦਵਾਰਾਂ ਨੇ ਕੇਵਲ 40 ਫੀਸਦੀ ਪਾਸ ਅੰਕ ਹਾਸਲ ਕਰਨੇ ਹਨ।

ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ’ਚ ਸੀ. ਸੀ. ਟੀ. ਵੀ. ਕੈਮਰੇ, ਵੀਡੀਓਗ੍ਰਾਫ਼ੀ, ਬਾਇਉਮੀਟ੍ਰਿਕ, ਜੈਮਰਾਂ ਸਮੇਤ ਪੂਰੇ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਇਸ ਪ੍ਰੀਖਿਆ ਲਈ ਦਾਖਲਾ ਕਾਰਡ ਤੇ ਹਦਾਇਤਾਂ ਪ੍ਰੀਖਿਆ ਦੀ ਮਿਤੀ ਤੋਂ ਲਗਭਗ ਦਸ ਦਿਨ ਪਹਿਲਾਂ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੇ ਗਏ ਸਨ।

Read More : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਰੰਮਤ ਮਗਰੋਂ ਲਾਏ ਸੋਨੇ ਦੇ ਪੱਤਰੇ

Leave a Reply

Your email address will not be published. Required fields are marked *