ਪ੍ਰਧਾਨ ਮੰਤਰੀ ਦੇ ਨਾਂ ਮੰਗ-ਪੱਤਰ ਡੀ. ਸੀ. ਨੂੰ ਸੌਂਪਿਆ ਮੰਗਰ-ਪੱਤਰ
ਲੁਧਿਆਣਾ, 26 ਨਵੰਬਰ : ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸਾਂਝੇ ਮੰਚ ਦੇ ਦੇਸ਼-ਵਿਆਪੀ ਸੱਦੇ ’ਤੇ ਯੂਨਾਈਟਿਡ ਫਰੰਟ ਆਫ ਟਰੇਡ ਯੂਨੀਅਨਜ਼ ਲੁਧਿਆਣਾ ਵਲੋਂ ਲੇਬਰ ਕੋਡਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮਜ਼ਦੂਰ ਵਿਰੋਧੀ ਕੋਡਾਂ ਦੇ ਇਕਤਰਫਾ ਲਾਗੂ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਪ੍ਰਧਾਨ ਮੰਤਰੀ ਦੇ ਨਾਂ ਮੰਗ-ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ।
ਮੰਗ-ਪੱਤਰ ’ਚ ਕਿਹਾ ਗਿਆ ਕਿ 21 ਨਵੰਬਰ 2025 ਨੂੰ ਜਾਰੀ ਨੋਟੀਫਿਕੇਸ਼ਨ ਲੋਕਤੰਤਰੀ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਦੇ ਹੋਏ ਵੈੱਲਫੇਅਰ ਸਟੇਟ ਦੇ ਸੁਭਾਅ ’ਤੇ ਹਮਲਾ ਹੈ। 10 ਕੇਂਦਰੀ ਟ੍ਰੇਡ ਯੂਨੀਅਨਾਂ ਨੇ ਇਨ੍ਹਾਂ ਕੋਡਾਂ ਦਾ ਲਗਾਤਾਰ ਵਿਰੋਧ ਕੀਤਾ ਹੈ ਅਤੇ ਇੰਡੀਅਨ ਲੇਬਰ ਕਾਨਫਰੰਸ ਬੁਲਾਉਣ ਦੀ ਮੰਗ ਕੀਤੀ ਹੈ ਪਰ 2015 ਤੋਂ ਬਾਅਦ ਪਿਛਲੇ 10 ਸਾਲ ਤੋਂ ਇਹ ਕਾਨਫਰੰਸ ਨਹੀਂ ਕੀਤੀ ਗਈ।
ਟਰੇਡ ਯੂਨੀਅਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਮਜ਼ਦੂਰਾਂ, ਉਨ੍ਹਾਂ ਦੀਆਂ ਹੜਤਾਲਾਂ ਅਤੇ ਪ੍ਰਦਰਸ਼ਨਾਂ ਦੀ ਅਣਦੇਖੀ ਕਰ ਕੇ ਕਾਰਪੋਰੇਟ ਹਿੱਤਾਂ ਤਹਿਤ ਇਹ ਕੋਡ ਲਾਗੂ ਕੀਤੇ ਹਨ। ਕੋਡਾਂ ਨੂੰ ਮਜ਼ਦੂਰਾਂ ਦੀ ਜ਼ਿੰਦਗੀ, ਹੱਕਾਂ ਅਤੇ ਰੋਜ਼ਗਾਰ ਸੁਰੱਖਿਆ ’ਤੇ ਗੰਭੀਰ ਹਮਲਾ ਕਰਾਰ ਦਿੱਤਾ ਗਿਆ।
ਕੇਂਦਰੀ ਟ੍ਰੇਡ ਯੂਨੀਅਨਾਂ ਨੇ ਚਿਤਾਵਨੀ ਦਿੱਤੀ ਕਿ ਇਹ ਨੋਟੀਫਿਕੇਸ਼ਨ ਡੂੰਘੀ ਬੇਰੋਜ਼ਗਾਰੀ ਅਤੇ ਮੰਦੀ ਦੇ ਸਮੇਂ ਮਿਹਨਤਕਸ਼ਾਂ ’ਤੇ ‘ਜੰਗ ਦਾ ਐਲਾਨ’ ਹੈ। ਉਨ੍ਹਾਂ ਨੇ ਤੁਰੰਤ ਲੇਬਰ ਕੋਡ ਰੱਦ ਕਰਨ ਅਤੇ ਪੁਰਾਣੇ ਕਿਰਤ ਕਾਨੂੰਨ ਬਹਾਲ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਕੋਡਾਂ ਦੇ ਵਿਰੁੱਧ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਏਗਾ।
ਇਸ ਪ੍ਰਦਰਸ਼ਨ ਦੀ ਅਗਵਾਈ ਏਟਕ, ਇੰਟਕ, ਸੀਟੂ ਅਤੇ ਸੀ. ਟੀ. ਯੂ. ਪੰਜਾਬ ਦੇ ਆਗੂਆਂ ਐੱਮ. ਐੱਸ. ਭਾਟੀਆ, ਗੁਰਜੀਤ ਸਿੰਘ ਜਗਪਾਲ, ਜਗਦੀਸ਼ ਚੰਦ, ਵਿਜੇ ਕੁਮਾਰ ਸਰਬਜੀਤ ਸਿੰਘ ਸਰਹਾਲੀ ਅਤੇ ਪਰਮਜੀਤ ਸਿੰਘ ਨੇ ਕੀਤੀ। ਕਈ ਹੋਰ ਯੂਨੀਅਨ ਆਗੂ ਵੀ ਮੌਜੂਦ ਸਨ।
Read More : ਚੋਣ ਕਮਿਸ਼ਨ ਹੁਣ ‘ਬੀ.ਜੇ.ਪੀ. ਕਮਿਸ਼ਨ’ ਬਣ ਗਿਆ : ਮਮਤਾ ਬੈਨਰਜੀ
