ਉਪ-ਕੁਲਪਤੀ ਨੇ ਰੋਸ-ਪ੍ਰਦਰਸ਼ਨ ਵਾਪਸ ਲੈਣ ਦੀ ਕੀਤੀ ਅਪੀਲ
ਚੰਡੀਗੜ੍ਹ, 9 ਨਵੰਬਰ : ਪੰਜਾਬ ਯੂਨੀਵਰਸਿਟੀ ਨੇ ਸੈਨੇਟ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬ ਯੂਨੀਵਰਸਿਟੀ ਐਕਟ, 1947 ਤੇ ਯੂਨੀਵਰਸਿਟੀ ਕੈਲੰਡਰ, ਭਾਗ I (2022) ਦੇ ਉਪਬੰਧਾਂ ਅਨੁਸਾਰ ਆਉਣ ਵਾਲੀਆਂ ਸੈਨੇਟ ਚੋਣਾਂ ਲਈ ਵਿਸਥਾਰਤ ਸ਼ਡਿਊਲ ਪ੍ਰਵਾਨਗੀ ਲਈ ਕੁਲਪਤੀ ਤੇ ਭਾਰਤ ਦੇ ਉਪ-ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਣਨ ਨੂੰ ਸੌਂਪ ਦਿੱਤਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਅਗਲੇ ਸਾਲ 15 ਸਤੰਬਰ ਤੋਂ 15 ਅਕਤੂਬਰ 2026 ਤੱਕ ਕਰਵਾਈਆਂ ਜਾ ਸਕਦੀਆਂ ਹਨ। ਸੈਨੇਟ ਚੋਣਾਂ ਸਬੰਧੀ ਵਾਈਸ ਚਾਂਸਲਰ ਰੇਣੂ ਵਿਗ ਵੱਲੋਂ ਉਪ ਰਾਸ਼ਟਰਪਤੀ ਨੂੰ ਇਕ ਪੱਤਰ ਲਿਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸੈਨੇਟ ਚੋਣਾਂ ਕਰਵਾਉਣ ਲਈ ਸਾਡੇ ਕੋਲ ਪੀ.ਯੂ. ਕੈਲੰਡਰ ਵਿਚ ਸਪੱਸ਼ਟ ਨਿਯਮ ਦਰਜ ਹਨ। ਸਭ ਤੋਂ ਪਹਿਲਾਂ ਯੂਨੀਵਰਸਿਟੀ ਮਾਣਯੋਗ ਚਾਂਸਲਰ ਅਤੇ ਉਪ ਰਾਸ਼ਟਰਪਤੀ ਨੂੰ ਚੋਣਾਂ ਲਈ ਮਨਜ਼ੂਰੀ ਲੈਣ ਲਈ ਲਿਖਦੀ ਹੈ। ਉਸ ਤੋਂ ਬਾਅਦ ਵੋਟਰਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਤੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਚੋਣਾਂ ਦੀ ਮਿਤੀ ਸਬੰਧੀ ਐਲਾਨ ਕੀਤਾ ਜਾਵੇਗਾ।
ਵਾਈਸ ਚਾਂਸਲਰ ਨੇ ਕਿਹਾ ਕਿ ਸੈਨੇਟ ਚੋਣਾਂ ਜਲਦ ਹੀ ਕਰਵਾਈਆਂ ਜਾਣਗੀਆਂ ਅਤੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੋਣ ਸ਼ਡਿਊਲ ਜਾਰੀ ਕੀਤਾ ਜਾਵੇਗਾ।
ਰੇਣੂ ਵਿਗ ਨੇ ਸਾਰੇ ਵਿਦਿਆਰਥੀਆਂ ਤੇ ਜਥੇਬੰਦੀਆਂ ਨੂੰ ਆਪਣਾ ਪ੍ਰਸਤਾਵਿਤ ਰੋਸ-ਪ੍ਰਦਰਸ਼ਨ ਵਾਪਸ ਲੈਣ ਅਤੇ ਕੈਂਪਸ ’ਚ ਸ਼ਾਂਤੀ ਤੇ ਆਮ ਸਥਿਤੀ ਬਣਾਈ ਰੱਖਣ ’ਚ ਮਦਦ ਕਰਨ ਦੀ ਅਪੀਲ ਕੀਤੀ ਹੈ।
Read More : ‘ਵਾਰਿਸ ਪੰਜਾਬ ਦੇ’ ਦੇ ਚੋਣ ਇੰਚਾਰਜ ਦੀ ਕਾਰ ’ਤੇ ਪੈਟਰੋਲ ਬੰਬ ਨਾਲ ਹਮਲਾ
