ਮਹਿਲ ਕਲਾਂ, 16 ਅਗਸਤ : ਜ਼ਿਲਾ ਬਰਨਾਲਾ ਵਿਚ ਆਜ਼ਾਦੀ ਦਿਹਾੜੇ ਤੋਂ ਇਕ ਰਾਤ ਪਹਿਲਾਂ 14 ਅਗਸਤ ਦੀ ਰਾਤ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ’ਚ ਕੁਝ ਘਰਾਂ ਅਤੇ ਕੋਠੀਆਂ ਦੀਆਂ ਕੰਧਾਂ ’ਤੇ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘15 ਅਗਸਤ ਕਾਲਾ ਦਿਨ’ ਵਰਗੇ ਨਾਅਰੇ ਲਿਖੇ ਜਾਣ ਨਾਲ ਖੇਤਰ ’ਚ ਤਣਾਅ ਦਾ ਮਾਹੌਲ ਬਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੋਸ਼ਲ ਮੀਡੀਆ ’ਤੇ ਜਾਰੀ ਇਕ ਸੁਨੇਹੇ ’ਚ ਵਿਦੇਸ਼-ਆਧਾਰਿਤ ਖਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਹੋਏ 15 ਅਗਸਤ ਨੂੰ ਸਿੱਖ ਪੰਥ ਅਤੇ ਪੰਜਾਬ ਦੀ ਆਜ਼ਾਦੀ ਨਾਲ ਜੋੜ ਕੇ ਆਪਣਾ ਰੁਖ ਦਰਸਾਇਆ। 15 ਅਗਸਤ ਸਵੇਰੇ ਪਿੰਡ ਵਾਸੀਆਂ ਨੇ ਇਹ ਨਾਅਰੇ ਦੇਖੇ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਥਾਣਾ ਮਹਿਲ ਕਲਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਲਾ ਰੰਗ ਕਰ ਕੇ ਇਹ ਲਿਖਤਾਂ ਮਿਟਾ ਦਿੱਤੀਆਂ।
ਸੂਤਰਾਂ ਅਨੁਸਾਰ, ਇਹੀ ਸ਼ਬਦ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਜੱਦੀ ਮਕਾਨ ਦੀ ਬਾਹਰੀ ਕੰਧ ’ਤੇ ਵੀ ਲਿਖੇ ਗਏ ਸਨ, ਜਿਨ੍ਹਾਂ ਨੂੰ ਵੀ ਸਵੇਰੇ ਹੀ ਹਟਾ ਦਿੱਤਾ ਗਿਆ। ਪਿੰਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਇਹ ਘਟਨਾ ਕੈਦ ਹੋਣ ਦੀ ਜਾਣਕਾਰੀ ਮਿਲੀ ਹੈ ਪਰ ਕੈਮਰਿਆਂ ਦਾ ਕੰਟਰੋਲ ਵਿਧਾਇਕ ਦੇ ਨਿੱਜੀ ਘਰ ’ਚ ਹੋਣ ਕਾਰਨ ਕੋਈ ਵੀਡੀਓ ਫੁਟੇਜ਼ ਅਜੇ ਤੱਕ ਜਾਰੀ ਨਹੀਂ ਕੀਤੀ ਗਈ। ਇਸ ਨਾਲ ਸੋਸ਼ਲ ਮੀਡੀਆ ’ਤੇ ਵੱਖ-ਵੱਖ ਚਰਚਾਵਾਂ ਅਤੇ ਸਵਾਲ ਖੜ੍ਹੇ ਹੋ ਰਹੇ ਹਨ।
ਐੱਸ. ਐੱਚ. ਓ. ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ’ਤੇ ਬਖਸ਼ਿਆ ਨਹੀਂ ਜਾਵੇਗਾ। ਹਲਕਾ ਵਿਧਾਇਕ ਪੰਡੋਰੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਤੱਤ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਪੁਲਸ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਕਿਸੇ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਦੂਜੇ ਪਾਸੇ, ਪੁਲਸ ਸਬ ਡਵੀਜ਼ਨ ਮਹਿਲ ਕਲਾਂ ਦੇ ਡੀ. ਐੱਸ. ਪੀ. ਜਤਿੰਦਰਪਾਲ ਸਿੰਘ ਤੇ ਥਾਣਾ ਮਹਿਲ ਕਲਾਂ ਦੇ ਮੁਖੀ ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
Read More : ਮਕਬਰੇ ਨੇੜੇ ਕੰਧ ਡਿੱਗੀ, 5 ਲੋਕਾਂ ਦੀ ਮੌਤ