ਮਨੀਪੁਰ

ਮਨੀਪੁਰ ‘ਚ ਰਾਸ਼ਟਰਪਤੀ ਸ਼ਾਸਨ ਖ਼ਤਮ ਹੋਣ ਦੇ ਅਸਾਰ

ਵਾਈ ਖੇਮਚੰਦ ਸਿੰਘ ਚੁਣੇ ਭਾਜਪਾ ਵਿਧਾਇਕ ਦਲ ਦੇ ਨੇਤਾ

ਨਵੀਂ ਦਿੱਲੀ, 3 ਫਰਵਰੀ : ਮਨੀਪੁਰ ਵਿੱਚ ਸਿਆਸੀ ਗਤੀਰੋਧ ਖ਼ਤਮ ਹੁੰਦਿਆਂ ਨਜ਼ਰ ਆ ਰਿਹਾ ਹੈ। ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ ਹੋਈ ਵਿਧਾਇਕ ਦਲ ਦੀ ਮੀਟਿੰਗ ਵਿੱਚ ਸਾਬਕਾ ਮੰਤਰੀ ਵਾਈ. ਖੇਮਚੰਦ ਸਿੰਘ ਨੂੰ ਸਰਬਸੰਮਤੀ ਨਾਲ ਨਵਾਂ ਨੇਤਾ ਚੁਣ ਲਿਆ ਗਿਆ ਹੈ। ਇਸ ਫੈਸਲੇ ਨਾਲ ਸੂਬੇ ਵਿੱਚ 13 ਫਰਵਰੀ 2025 ਤੋਂ ਲਾਗੂ ਰਾਸ਼ਟਰਪਤੀ ਸ਼ਾਸਨ ਦੇ ਖ਼ਤਮ ਹੋਣ ਅਤੇ ਨਵੀਂ ਚੁਣੀ ਹੋਈ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ ਹੈ।

ਸੂਬੇ ਵਿੱਚ ਭਾਈਚਾਰਕ ਸਾਂਝ ਬਣਾਉਣ ਲਈ ਭਾਜਪਾ ਨੇ ਅਹਿਮ ਰਣਨੀਤੀ ਅਪਣਾਈ ਹੈ। ਸੂਤਰਾਂ ਅਨੁਸਾਰ, ਕੁਕੀ ਨੇਤਾ ਅਤੇ ਸਾਬਕਾ ਮੰਤਰੀ ਨੇਮਚਾ ਕਿਪਗੇਨ ਨੂੰ ਉਪ-ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਮੰਗਲਵਾਰ ਰਾਤ ਨੂੰ ਹੋਣ ਵਾਲੀ NDA ਦੀ ਸਾਂਝੀ ਮੀਟਿੰਗ ਵਿੱਚ ਇਹਨਾਂ ਨਾਵਾਂ ‘ਤੇ ਅੰਤਿਮ ਮੋਹਰ ਲੱਗਣ ਦੀ ਉਮੀਦ ਹੈ।

ਮੀਟਿੰਗ ਵਿੱਚ ਕੇਂਦਰੀ ਨਿਗਰਾਨ ਤਰੁਣ ਚੁੱਘ, ਸੰਬਿਤ ਪਾਤਰਾ ਅਤੇ ਸਾਬਕਾ ਮੁੱਖ ਮੰਤਰੀ ਐਨ. ਬੀਰੇਨ ਸਿੰਘ ਸਮੇਤ ਪ੍ਰਮੁੱਖ ਆਗੂ ਹਾਜ਼ਰ ਸਨ। 60 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਕੋਲ 37 ਵਿਧਾਇਕ ਹਨ।

ਜ਼ਿਕਰਯੋਗ ਹੈ ਕਿ ਮਈ 2023 ਵਿੱਚ ਮੀਈਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਹੋਈ ਨਸਲੀ ਹਿੰਸਾ ਤੋਂ ਬਾਅਦ ਪੈਦਾ ਹੋਏ ਹਾਲਾਤ ਕਾਰਨ ਬੀਰੇਨ ਸਿੰਘ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਹਿੰਸਾ ਵਿੱਚ 260 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ।

ਹੁਣ 12 ਫਰਵਰੀ ਨੂੰ ਰਾਸ਼ਟਰਪਤੀ ਸ਼ਾਸਨ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਨਵੀਂ ਲੀਡਰਸ਼ਿਪ ਤੋਂ ਸੂਬੇ ਵਿੱਚ ਸ਼ਾਂਤੀ ਅਤੇ ਵਿਕਾਸ ਦੀਆਂ ਉਮੀਦਾਂ ਜੁੜੀਆਂ ਹੋਈਆਂ ਹਨ।

Read More : ਪੰਜਾਬ ਸਰਕਾਰ ਵੱਲੋਂ ਬਾਲ ਵਿਆਹਾਂ ਵਿਰੁੱਧ ਵੱਡੀ ਕਾਰਵਾਈ: ਹੁਣ ਤੱਕ 111 ਮਾਮਲੇ ਰੋਕੇ

Leave a Reply

Your email address will not be published. Required fields are marked *