ਸਿੱਖਿਆ ਵਿਭਾਗ ’ਚ ਜਲਦ ਰੈਗੂਲਰ ਕਰੇ ਸਰਕਾਰ : ਸੂਬਾ ਪ੍ਰਧਾਨ ਡਾ. ਟੀਨਾ
ਸੰਗਰੂਰ, 12 ਜੁਲਾਈ : ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਵੱਲੋਂ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਵਾਰ-ਵਾਰ ਅੱਗੇ ਪਾਉਣ ’ਤੇ ਸੰਗਰੂਰ ਵਿਖੇ ਪੋਸਟਰ ਪ੍ਰਦਰਸ਼ਨ ਕੀਤਾ ਗਿਆ।
ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਪੱਕਾ ਕਰਨ ਤਹਿਤ ਕੈਬਨਿਟ ਸਬ-ਕਮੇਟੀ ਬਣਾਈ ਗਈ ਹੈ। ਹਰ ਵਾਰ ਦੀ ਤਰ੍ਹਾਂ ਇਸ ਕਮੇਟੀ ਦੇ ਲਾਰੇ ਵੱਧਦੇ ਜਾ ਰਹੇ ਹਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਸੰਘਰਸ਼ ਨਾਲ ਇਹ ਮੀਟਿੰਗ ਪਹਿਲਾਂ 25/06/2025 ਨੂੰ ਹੋਣੀ ਸੀ, ਫਿਰ ਇਹ ਮੀਟਿੰਗ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ।
ਇਸ ਤਰ੍ਹਾਂ ਜਾਪ ਰਿਹਾ ਹੈ ਕਿ ਕੈਬਨਿਟ ਸਬ-ਕਮੇਟੀ ਮੈਰੀਟੋਰੀਅਸ ਟੀਚਰਾਂ ਦੇ ਚੰਗੇ ਨਤੀਜਿਆਂ ਨੂੰ ਨਕਾਰਦੀ ਹੋਈ ਮੈਰੀਟੋਰੀਅਸ ਟੀਚਰਾਂ ਦੇ ਰੁਜ਼ਗਾਰ ਨੂੰ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਬਾਬਤ ਕੋਈ ਬਹੁਤ ਸੰਜੀਦਗੀ ਨਹੀਂ ਦਿਖਾ ਰਹੀਂ।
ਉਨ੍ਹਾਂ ਦੱਸਿਆ ਕਿ ਅੱਜ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਵੱਲੋਂ ਕੱਲ ਬਰਨਾਲਾ ਕੈਂਚੀਆਂ ਸੰਗਰੂਰ ਵਿਖੇ ਰੋਸ ਵਜੋਂ ਹੱਥਾਂ ’ਚ ਬੈਨਰ ਤੇ ਤਖ਼ਤੀਆਂ ਫੜ੍ਹ ਕੇ ਲੋਕਾਂ ਨੂੰ ਸਰਕਾਰ ਦੀ ਵਾਅਦਾਖਿਲਾਫ਼ੀ ਤੋਂ ਜਾਣੂ ਕਰਵਾਇਆ ਗਿਆ।
ਜਨਰਲ ਸਕੱਤਰ ਡਾ. ਅਜੈ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ ਜਲਦ ਤੋਂ ਜਲਦ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕਰੇ ਤੇ ਮੀਟਿੰਗ ਸੰਬੰਧੀ ਕਮੇਟੀ ਆਨਾਕਾਨੀ ਨਾ ਕਰੇ ਬਲਕਿ ਮੈਰੀਟੋਰੀਅਸ ਟੀਚਰਾਂ ਦੀ ਸਿੱਖਿਆ ਵਿਭਾਗ ’ਚ ਮੰਗ ’ਤੇ ਮੋਹਰ ਲਾਵੇ ਕਿਉਂਕਿ ਬਹੁਤ ਜ਼ਿਆਦਾ ਦੇਰੀ ਪਹਿਲਾਂ ਹੀ ਹੋ ਚੁੱਕੀ ਹੈ।
ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ 8886 ਅਧਿਆਪਕਾਂ ਦੀ ਤਰਜ਼ ਤੇ ਮੈਰੀਟੋਰੀਅਸ ਟੀਚਰਜ਼ ਨੂੰ ਜਲਦ ਸਿੱਖਿਆ ਵਿਭਾਗ ਵਿਚ ਰੈਗੂਲਰ ਕਰੇ, ਮੈਰੀਟੋਰੀਅਸ ਟੀਚਰਜ਼ ਦੇ ਨਤੀਜੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਹੇ ਹਨ ਪਰ ਸਿੱਖਿਆ ਦੇ ਨਾਮ ਤੇ ਆਈ ਸਰਕਾਰ ਨੂੰ ਨਜ਼ਰ ਨਹੀਂ ਆ ਰਹੇ
ਅੱਜ ਸੰਗਰੂਰ ’ਚ ਤੇਜ਼ ਮੀਂਹ ’ਚ ਵੀ ਮੈਰੀਟੋਰੀਅਸ ਅਧਿਆਪਕ ਆਪਣੀ ਹੱਕਾਂ ਲਈ ਬਰਨਾਲਾ ਕੈਂਚੀਆਂ ਮੋੜ ਤੇ ਡਟੇ ਰਹੇ, ਅਧਿਆਪਕਾਂ ਦੇ ਰੋਹ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਨੂੰ 29/07/2025 ਨੂੰ ਸਬ-ਕਮੇਟੀ ਦੇ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਮੀਟਿੰਗ ਦਾ ਲਿਖਤੀ ਪੱਤਰ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ।
ਮੀਟਿੰਗ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਮੈਰੀਟੋਰੀਅਸ ਟੀਚਰਜ਼ ਯੂਨੀਅਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਾਡੀ ਮੀਟਿੰਗ ਪ੍ਰਸ਼ਾਸਨ ਵੱਲੋਂ 29 ਤਰੀਕ ਨੂੰ ਨਹੀਂ ਕਰਵਾਈ ਜਾਂਦੀ ਤਾਂ ਆਉਣ ਵਾਲੇ ਸਮੇਂ ’ਚ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਸਮੇਂ ਸੂਬਾ ਆਗੂ ਵਿਪਨੀਤ ਕੌਰ, ਜਸਵਿੰਦਰ ਸਿੰਘ, ਮਨਜਿੰਦਰ ਕੌਰ, ਸੁਖਜੀਤ ਸਿੰਘ, ਅਜੈ ਕੁਮਾਰ, ਮਨੋਜ ਕੁਮਾਰ, ਵਿਕਾਸ ਕੁਮਾਰ, ਕੇਵਲ ਸਿੰਘ ਹਾਜ਼ਰ ਰਹੇ।