ਡੈਮ ’ਚ ਪਾਣੀ ਦੀ ਆਮਦ 230240 ਕਿਊਸਿਕ ਅਤੇ 79592 ਕਿਊਸਿਕ ਪਾਣੀ ਛੱਡਿਆ
ਹੁਸ਼ਿਆਰਪੁਰ , 26 ਅਗਸਤ : ਪੌਂਗ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਦੇ ਹੋਏ 1390.76 ਫੁੱਟ ਤੱਕ ਪਹੁੰਚ ਗਿਆ ਹੈ। ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਜ਼ਿਲਾ ਹੁਸ਼ਿਆਰਪੁਰ (ਪੰਜਾਬ) ਅਤੇ ਕਾਂਗੜਾ (ਹਿਮਾਚਲ) ਜ਼ਿਲੇ ਦੀ ਇੰਦੌਰਾ ਤਹਿਸੀਲ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।
ਇਹ ਦੋਵੇਂ ਖੇਤਰ ਬਿਆਸ ਨਦੀ ਦੇ ਵਹਾਅ ਖੇਤਰ ਵਿਚ ਆਉਂਦੇ ਹਨ ਅਤੇ ਪਾਣੀ ਦਾ ਪੱਧਰ ਵਧਣ ਨਾਲ ਹੜ੍ਹ ਦਾ ਖਤਰਾ ਵਧ ਗਿਆ ਹੈ। ਅੱਜ ਸ਼ਾਮ 6 ਵਜੇ ਪੌਂਗ ਡੈਮ ਦਾ ਪਾਣੀ ਦਾ ਪੱਧਰ 1390.76 ਫੁੱਟ ਦਰਜ ਕੀਤਾ ਗਿਆ ਅਤੇ ਡੈਮ ਵਿਚ ਪਾਣੀ ਦੀ ਆਮਦ 230240 ਕਿਊਸਿਕ ਦਰਜ ਕੀਤੀ ਗਈ। ਪੌਂਗ ਬੰਨ੍ਹ ਤੋਂ ਅੱਜ 79592 ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਾਰਨ ਮੁਕੇਰੀਆਂ ਅਤੇ ਇੰਦੌਰਾ ਖੇਤਰ ਦੇ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਡਰ ਦੀ ਸਥਿਤੀ ਵਿਚ ਹਨ। ਪ੍ਰਸ਼ਾਸਨਿਕ ਅਤੇ ਬੀ.ਬੀ.ਐੱਮ.ਬੀ. ਅਧਿਕਾਰੀਆਂ ਅਨੁਸਾਰ ਬੰਨ੍ਹ ਦੇ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਾਰੇ ਜ਼ਰੂਰੀ ਸੁਰੱਖਿਆ ਕਦਮ ਚੁੱਕੇ ਜਾ ਰਹੇ ਹਨ।
ਡੀ. ਸੀ. ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਕਿਹਾ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਹੜ੍ਹ ਪ੍ਰਬੰਧਨ ਟੀਮਾਂ ਨੂੰ ਪੂਰੀ ਤਰ੍ਹਾਂ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਇਨ੍ਹਾਂ ਟੀਮਾਂ ਨੂੰ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਲਈ ਤਿਆਰ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਨੇ ਖੇਤਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਦੇ ਕਿਨਾਰਿਆਂ ’ਤੇ ਨਾ ਜਾਣ ਅਤੇ ਸੁਰੱਖਿਅਤ ਥਾਵਾਂ ’ਤੇ ਰਹਿਣ। ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
Read More : ਐੱਸ.ਆਈ.ਟੀ. ਨੇ ਜੇਲ ’ਚ ਬਿਕਰਮ ਮਜੀਠੀਆ ਤੋਂ ਸਵਾ 2 ਘੰਟੇ ਕੀਤੀ ਪੁੱਛਗਿੱਛ