ਗ੍ਰੇਨੇਡ, ਪਿਸਤੌਲ ਤੇ ਕਾਰਤੂਸ ਬਰਾਮਦ
ਜਗਰਾਓਂ , 23 ਅਗਸਤ : ਜਗਰਾਓਂ ਨੇੜਲੇ ਪਿੰਡ ਜੰਡੀ ਵਿਖੇ ਸਕਾਰਪੀਓ ਸਵਾਰ 5 ਵਿਅਕਤੀਆਂ ਨੂੰ ਜਦੋਂ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਪੁਲਸ ’ਤੇ ਗੋਲੀ ਚਲਾ ਦਿੱਤੀ। ਪੁਲਸ ਦੀ ਜਵਾਬੀ ਕਾਰਵਾਈ ਦੌਰਾਨ ਲੱਤ ਵਿਚ ਗੋਲੀ ਲੱਗਣ ਨਾਲ ਇਕ ਵਿਅਕਤੀ ਜ਼ਖਮੀ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਦਕਿ ਬਾਕੀ ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ |
ਪੁਲਸ ਨੂੰ ਗੱਡੀ ਵਿਚ ਸਵਾਰ ਅਰਜੁਨ ਨਾਂ ਦੇ ਵਿਅਕਤੀ ਕੋਲੋਂ ਗ੍ਰੇਨੇਡ ਵੀ ਮਿਲਿਆ ਹੈ | ਇਸ ਤੋਂ ਇਲਾਵਾ ਪੁਲਸ ਨੇ ਇਨ੍ਹਾਂ ਕੋਲੋਂ 32 ਬੋਰ ਦਾ ਪਿਸਤੌਲ ਤੇ ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ | ਘਟਨਾ ਬਾਰੇ ਪਤਾ ਲੱਗਣ ’ਤੇ ਜ਼ਿਲਾ ਪੁਲਸ ਮੁਖੀ ਡਾ. ਅੰਕੁਰ ਗੁਪਤਾ ਤੁਰੰਤ ਮੌਕੇ ’ਤੇ ਪੁੱਜੇ |
ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਿੱਧਵਾਂ ਬੇਟ ਏਰੀਏ ਵਿਚ ਕੁਝ ਸ਼ੱਕੀ ਵਿਅਕਤੀ ਘੁੰਮ ਰਹੇ ਹਨ, ਜੋ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ ਤੇ ਉਨ੍ਹਾਂ ਕੋਲ ਅਸਲਾ ਅਤੇ ਵਿਸਫੋਟਕ ਪਦਾਰਥ ਵੀ ਹਨ | ਪੁਲਸ ਨੇ ਤੁਰੰਤ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ |
ਉਨ੍ਹਾਂ ਦੱਸਿਆ ਕਿ ਜਦੋਂ ਸਾਡੀ ਪੁਲਸ ਪਾਰਟੀ ਜੰਡੀ ਤੋਂ ਆਉਂਦੇ ਕੱਚੇ ਰਸਤੇ ’ਤੇ ਗਸ਼ਤ ਕਰ ਰਹੀ ਸੀ ਤਾਂ ਦੂਸਰੀ ਸਾਈਡ ਤੋਂ ਆਈ ਸਕਾਰਪੀਓ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਵਿਚ ਬੈਠੇ ਵਿਅਕਤੀ ਘਬਰਾ ਗਏ ਤੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਦਰੱਖਤ ਨਾਲ ਟਕਰਾ ਗਈ |
ਉਨ੍ਹਾਂ ਦੱਸਿਆ ਕਿ ਗੱਡੀ ਵਿਚੋਂ ਉੱਤਰੇ ਇਕ ਵਿਅਕਤੀ ਨੇ ਪੁਲਸ ਪਾਰਟੀ ’ਤੇ ਗੋਲੀ ਚਲਾ ਦਿੱਤੀ, ਜੋ ਸਾਡੇ ਇਕ ਜਵਾਨ ਦੀ ਪੱਗ ਵਿਚ ਲੱਗੀ | ਜਵਾਬੀ ਕਾਰਵਾਈ ਵਿਚ ਉਸ ਵਿਅਕਤੀ ਦੀ ਲੱਤ ਵਿਚ ਗੋਲੀ ਲੱਗੀ, ਜਿਸ ਦੀ ਪਛਾਣ ਅਮਜਦ ਮਸੀਹ ਵਜੋਂ ਹੋਈ ਹੈ |
ਪੁਲਸ ਮੁਖੀ ਨੇ ਦੱਸਿਆ ਕਿ ਅਰਜਨ ਨਾਂ ਦੇ ਵਿਅਕਤੀ ਤੋਂ ਗ੍ਰੇਨੇਡ ਵੀ ਮਿਲਿਆ ਹੈ | ਉਕਤ ਮੁਲਜ਼ਮ ਤਰਨ ਤਾਰਨ ਏਰੀਏ ਦੇ ਰਹਿਣ ਵਾਲੇ ਹਨ ਤੇ ਇਨ੍ਹਾਂ ਦੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ | ਇਸ ਸਬੰਧ ਪੁਲਸ ਨੇ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ |
Read More : ਜਸਵਿੰਦਰ ਭੱਲਾ ਪੰਜ ਤੱਤਾਂ ’ਚ ਵਿਲੀਨ ਹੋਏ