ਪੰਜਾਬੀ ਗਾਇਕ

ਗਾਇਕ ਗੁਲਾਬ ਸਿੱਧੂ ’ਤੇ ਹਮਲੇ ਦੀ ਸਾਜ਼ਿਸ਼ ਨਾਕਾਮ, ਸਰਪੰਚ ਸਮੇਤ 3 ਗ੍ਰਿਫਤਾਰ

ਬਰਨਾਲਾ, 12 ਜਨਵਰੀ : ਬਰਨਾਲਾ ਪੁਲਸ ਨੇ ਇਕ ਬਹੁਤ ਹੀ ਸੰਵੇਦਨਸ਼ੀਲ ਮਾਮਲੇ ’ਚ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬੀ ਗਾਇਕ ਗੁਲਾਬ ਸਿੱਧੂ ’ਤੇ ਹੋਣ ਵਾਲੇ ਸੰਭਾਵੀ ਜਾਨਲੇਵਾ ਹਮਲੇ ਨੂੰ ਟਾਲ ਦਿੱਤਾ ਹੈ। ਪੁਲਸ ਨੇ ਇਕ ਸਰਗਰਮ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਜਿਨ੍ਹਾਂ ’ਚ ਇਕ ਮੌਜੂਦਾ ਸਰਪੰਚ ਵੀ ਸ਼ਾਮਲ ਹੈ, ਨਾਜਾਇਜ਼ ਹਥਿਆਰਾਂ ਅਤੇ ਇਕ ਗੱਡੀ ਸਮੇਤ ਕਾਬੂ ਕੀਤਾ ਹੈ। ਇਹ ਗਿਰੋਹ ਨਾ ਸਿਰਫ ਗਾਇਕ ’ਤੇ ਹਮਲਾ ਕਰਨ ਦੀ ਫਿਰਾਕ ਵਿਚ ਸੀ, ਸਗੋਂ ਇਸ ਵਾਰਦਾਤ ਰਾਹੀਂ ਸੈਲੀਬ੍ਰਿਟੀਜ਼ ਅਤੇ ਵਪਾਰੀਆਂ ’ਚ ਦਹਿਸ਼ਤ ਪੈਦਾ ਕਰ ਕੇ ਮੋਟੀ ਫਿਰੌਤੀ ਵਸੂਲਣ ਦੀ ਯੋਜਨਾ ਵੀ ਬਣਾ ਰਿਹਾ ਸੀ।

ਜ਼ਿਲਾ ਪੁਲਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਥਾਣਾ ਸਿਟੀ-2 ਦੇ ਮੁੱਖ ਅਫਸਰ ਸਬ-ਇੰਸਪੈਕਟਰ ਚਰਨਜੀਤ ਸਿੰਘ ਨੂੰ ਇਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਬਲਜਿੰਦਰ ਸਿੰਘ (ਮੌਜੂਦਾ ਸਰਪੰਚ) ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਖਤਰਨਾਕ ਗਿਰੋਹ ਬਣਾਇਆ ਹੋਇਆ ਹੈ।

ਸੂਚਨਾ ਮਿਲੀ ਸੀ ਕਿ ਇਹ ਗਿਰੋਹ ਮੋਗਾ-ਬਰਨਾਲਾ ਬਾਈਪਾਸ ਚੌਕ ਨੇੜੇ ਕਿਸੇ ਸੈਲੀਬ੍ਰਿਟੀ ’ਤੇ ਹਮਲਾ ਕਰਨ ਅਤੇ ਫਿਰੌਤੀ ਲਈ ਦਬਾਅ ਬਣਾਉਣ ਦੀ ਤਾਕ ’ਚ ਬੈਠਾ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਰੇਡ ਕੀਤੀ ਅਤੇ ਤਿੰਨਾਂ ਦੋਸ਼ੀਆਂ ਨੂੰ ਮੌਕੇ ’ਤੇ ਹੀ ਦਬੋਚ ਲਿਆ। ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ (ਸਰਪੰਚ), ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਤੇ ਗੁਰਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀਆਨ ਕੋਟਦੁੱਨਾ ਵਜੋਂ ਹੋਈ ਹੈ।

ਪੁੱਛਗਿੱਛ ਦੌਰਾਨ ਸਰਪੰਚ ਬਲਜਿੰਦਰ ਸਿੰਘ ਕਿੰਦਾ ਨੇ ਦੱਸਿਆ ਕਿ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਪਿਛਲੇ ਦਿਨੀਂ ਸਰਪੰਚਾਂ ਬਾਰੇ ਇਕ ਗੀਤ ਗਾਇਆ ਸੀ। ਇਸ ਗੀਤ ਤੋਂ ਨਾਰਾਜ਼ ਹੋ ਕੇ ਸਰਪੰਚ ਕਿੰਦਾ ਨੇ ਪਹਿਲਾਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਗਾਇਕ ਨੂੰ ਧਮਕੀਆਂ ਵੀ ਦਿੱਤੀਆਂ ਸਨ। ਮੁਲਜ਼ਮ ਆਪਣਾ ਨਾਂ ਚਮਕਾਉਣ ਲਈ ਗੁਲਾਬ ਸਿੱਧੂ ’ਤੇ ਜਾਨਲੇਵਾ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਦਾ ਮਕਸਦ ਇਸ ਹੱਤਿਆ ਜਾਂ ਹਮਲੇ ਤੋਂ ਬਾਅਦ ਦੂਜੇ ਵਪਾਰੀਆਂ ਅਤੇ ਕਲਾਕਾਰਾਂ ਤੋਂ ਮੋਟੀ ਰਕਮ ਫਿਰੌਤੀ ਵਜੋਂ ਵਸੂਲਣਾ ਸੀ।

ਪੁਲਸ ਨੇ ਮੁਲਜ਼ਮਾਂ ਤੋਂ 32 ਬੋਰ ਦੇਸੀ ਪਿਸਤੌਲ ਸਮੇਤ ਮੈਗਜ਼ੀਨ, ਤਿੰਨ ਜਿੰਦਾ ਕਾਰਤੂਸ (32 ਬੋਰ), ਇਕ ਡੰਮੀ ਪਿਸਤੌਲ, ਚਾਰ ਮੋਬਾਈਲ ਫੋਨ, ਇਕ ਲੱਕੜ ਦੀ ਲਾਠੀ, ਇਕ ਚਿੱਟੇ ਰੰਗ ਦੀ ਸਵਿਫਟ ਕਾਰ ਬਰਾਮਦ ਹੋਈ। ਪੁਲਸ ਨੇ ਇਸ ਸਬੰਧੀ ਥਾਣਾ ਸਿਟੀ ਬਰਨਾਲਾ ਵਿਖੇ ਵੱਖ-ਵੱਖ ਧਾਰਾਵਾਂ ਮਾਮਲਾ ਦਰਜ ਕਰ ਲਿਆ ਹੈ।

ਐੱਸ. ਐੱਸ. ਪੀ. ਨੇ ਕਿਹਾ ਕਿ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਕੋਲ ਹਥਿਆਰ ਕਿੱਥੋਂ ਆਏ ਅਤੇ ਇਸ ਗਿਰੋਹ ਦੇ ਹੋਰ ਕਿਹੜੇ ਮੈਂਬਰ ਬਾਹਰ ਹਨ।

Read More : ਮਹਿਲਾ ਪੁਲਸ ਮੁਲਾਜ਼ਮ ਦੇ ਘਰ ’ਚ ਵੜ ਕੇ ਚਲਾਈਆਂ ਗੋਲੀਆਂ, 3 ਜ਼ਖਮੀ

Leave a Reply

Your email address will not be published. Required fields are marked *