ਸੇਵਾਮੁਕਤ ਏ.ਐੱਸ.ਆਈ. ਨੇ ਇਲਾਜ ਦੀ ਉਡੀਕ ’ਚ ਤੋੜਿਆ ਦਮ, ਪਰਿਵਾਰ ਨੇ ਲਾਏ ਲਾਪ੍ਰਵਾਹੀ ਦੇ ਦੋਸ਼
ਫ਼ਰੀਦਕੋਟ, 28 ਮਾਰਚ: ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਵੈਂਟੀਲੇਟਰ ਨਾ ਮਿਲਣ ਕਾਰਨ ਇਕ ਮਰੀਜ਼ ਦੀ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਜੇ ਨਗਰ ਬਸਤੀ ਦੇ ਨਿਵਾਸੀ ਅਤੇ ਪੰਜਾਬ ਪੁਲਸ ਦੇ ਸੇਵਾਮੁਕਤ ਏ.ਐੱਸ.ਆਈ. ਸੁਖਵਿੰਦਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਨੂੰ ਸ਼ੁੱਕਰਵਾਰ ਸਵੇਰੇ ਹਾਲਤ ਵਿਗੜਨ ’ਤੇ ਹਸਪਤਾਲ ਦੇ ਐਮਰਜੈਂਸੀ ਵਿਭਾਗ ’ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਦੀ ਸਥਿਤੀ ਨਾਜ਼ੁਕ ਦੱਸਦਿਆਂ ਤੁਰੰਤ ਵੈਂਟੀਲੇਟਰ ਦੀ ਲੋੜ ਦੱਸੀ ਸੀ, ਪਰ ਉਸ ਸਮੇਂ ਕੋਈ ਵੀ ਵੈਂਟੀਲੇਟਰ ਖ਼ਾਲੀ ਨਾ ਹੋਣ ਕਾਰਨ ਪਰਿਵਾਰ ਨੂੰ ਲੰਬੀ ਉਡੀਕ ਕਰਨੀ ਪਈ। ਲਗਭਗ 11 ਘੰਟਿਆਂ ਬਾਅਦ ਸ਼ਾਮ ਨੂੰ ਮਰੀਜ਼ ਨੇ ਦਮ ਤੋੜ ਦਿੱਤਾ।
ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ’ਤੇ ਲਾਪ੍ਰਵਾਹੀ ਦੇ ਦੋਸ਼ ਲਗਾਉਂਦਿਆਂ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਮ੍ਰਿਤਕ ਦੇ ਚਚੇਰੇ ਭਰਾ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਮੇਂ ਸਿਰ ਸਹੀ ਇਲਾਜ ਨਾ ਮਿਲਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਸਰਕਾਰ ਦੇ ਸਿਹਤ ਸਹੂਲਤਾਂ ਸਬੰਧੀ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਦੂਜੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਮਰੀਜ਼ਾਂ ਕਾਰਨ ਸਹੂਲਤਾਂ ’ਤੇ ਬੋਝ ਵਧ ਰਿਹਾ ਹੈ।
ਦੂਜੇ ਪਾਸੇ, ਮੈਡੀਕਲ ਸੁਪਰਿੰਟੈਂਡੈਂਟ ਡਾ. ਨੀਤੂ ਕੁੱਕੜ ਨੇ ਸਪੱਸ਼ਟ ਕੀਤਾ ਕਿ ਹਸਪਤਾਲ ਦੇ ਸਾਰੇ 100 ਵੈਂਟੀਲੇਟਰ ਉਸ ਵੇਲੇ ਵਰਤੋਂ ’ਚ ਸਨ, ਜਿਸ ਬਾਰੇ ਪਰਿਵਾਰ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੀਵਰ ਡੈਮੇਜ ਕਾਰਨ ਮਰੀਜ਼ ਦੀ ਹਾਲਤ ਲਗਾਤਾਰ ਵਿਗੜਦੀ ਰਹੀ ਅਤੇ ਪਰਿਵਾਰ ਦੀ ਸਹਿਮਤੀ ਨਾਲ ਮੈਨੂਅਲ ਵੈਂਟੀਲੇਟਰ ਰਾਹੀਂ ਇਲਾਜ ਦੀ ਕੋਸ਼ਿਸ਼ ਕੀਤੀ ਗਈ ਸੀ।
Read More : ਰਜਿੰਦਰਾ ਕਾਲਜ ‘ਚ ਦਲਿਤ ਵਿਦਿਆਰਥੀ ਨਾਲ ਵਿਤਕਰੇ ਦਾ ਇਲਜ਼ਾਮ; SC ਕਮਿਸ਼ਨ ਵੱਲੋਂ ਪ੍ਰਿੰਸੀਪਲ ਤਲਬ
