ਲਾਹੌਰ, 17 ਜੁਲਾਈ : ਪਾਕਿਸਤਾਨ ਦੇ ਸੂਬਾ ਪੰਜਾਬ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਦੇ ਕਈ ਜ਼ਿਲਿਆਂ ’ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ। ਪਿਛਲੇ 24 ਘੰਟਿਆਂ ’ਚ ਸੂਬੇ ਭਰ ਵਿਚ ਘੱਟੋ-ਘੱਟ 63 ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨੀ ਪੰਜਾਬ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀ. ਡੀ. ਐੱਮ. ਏ.) ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਪਿਛਲੇ 24 ਘੰਟਿਆਂ ’ਚ ਸੂਬੇ ਭਰ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ 63 ਲੋਕਾਂ ਦੀ ਮੌਤ ਹੋ ਗਈ ਹੈ ਅਤੇ 290 ਜ਼ਖਮੀ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਲਾਹੌਰ ’ਚ ਘੱਟੋ-ਘੱਟ 15, ਫੈਸਲਾਬਾਦ ਵਿਚ 9, ਸਾਹੀਵਾਲ ਵਿਚ 5, ਪਾਕਪਟਨ ’ਚ 3 ਅਤੇ ਓਕਾਰਾ ’ਚ 9 ਲੋਕਾਂ ਦੀ ਮੌਤ ਹੋ ਗਈ ਹੈ।
ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਸਧਾਰਨ ਤੌਰ ’ਤੇ ਭਾਰੀ ਮੀਂਹ ਅਤੇ ਹੜ੍ਹ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੰਡੀ ਬਹਾਉਦੀਨ ਵਿਚ ਭਾਰੀ ਮੀਂਹ ਕਾਰਨ ਸ਼ਾਹ ਹੁਸੈਨ ਨਾਮ ਦੇ 10 ਸਾਲਾ ਲੜਕੇ ਦੀ ਮੌਤ ਹੋ ਗਈ ਜੋ ਮੀਂਹ ਦੇ ਪਾਣੀ ’ਚ ਨਹਾਉਂਦੇ ਸਮੇਂ ਡੁੱਬ ਗਿਆ। ਦੋ ਹੋਰ ਬੱਚਿਆਂ 8 ਸਾਲਾ ਕਾਸਿਮ ਅਤੇ 6 ਸਾਲਾ ਹੁਜ਼ੈਫ਼ਾ ਦੀ ਭਾਰੀ ਮੀਂਹ ਦੌਰਾਨ ਬਿਜਲੀ ਦੇ ਝਟਕੇ ਕਾਰਨ ਮੌਤ ਹੋ ਗਈ। ਕਾਲਜ ਚੌਕ, ਪਿੰਡੀ ਪੁਰਾਣੀ ਅਤੇ ਜੇਲ ਚੌਕ ਵਰਗੇ ਮੁੱਖ ਸੜਕਾਂ ਅਤੇ ਖੇਤਰ ਦੋ ਤੋਂ ਚਾਰ ਫੁੱਟ ਪਾਣੀ ’ਚ ਡੁੱਬੇ ਰਹੇ।