ਜੈਪੁਰ, 3 ਨਵੰਬਰ : ਰਾਜਧਾਨੀ ਜੈਪੁਰ ਦੇ ਹਰਮਾੜਾ ਥਾਣਾ ਖੇਤਰ ’ਚ ਸੋਮਵਾਰ ਨੂੰ ਦੁਪਹਿਰ ’ਚ ਲੋਹਾ ਮੰਡੀ ਕੱਟ ’ਤੇ ਭਿਆਨਕ ਵੱਡਾ ਹਾਦਸਾ ਹੋਇਆ, ਜਿਸ ਵਿਚ ਬੇਕਾਬੂ ਹੋਏ ਤੇਜ਼ ਰਫਤਾਰ ਡੰਪਰ ਨੇ ਸੜਕ ’ਤੇ ਕੋਹਰਾਮ ਮਚਾ ਦਿੱਤਾ।
ਸੜਕ ’ਤੇ ਮੌਤ ਬਣ ਕੇ ਭੱਜੇ ਇਸ ਡੰਪਰ ਨੇ ਇਕ ਹੀ ਝਟਕੇ ’ਚ 13 ਲੋਕਾਂ ਨੂੰ ਮੌਤ ਦੀ ਨੀਂਦ ਸੁਆਂ ਦਿੱਤਾ ਅਤੇ ਲੱਗਭਗ 15-20 ਲੋਕਾਂ ਨੂੰ ਹਸਪਤਾਲ ਪਹੁੰਚਾ ਦਿੱਤੇ। ਡੰਪਰ ਨੇ ਕਈ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਟੱਕਰ ਮਾਰੀ ਤੇ ਇਕ ਕੰਧ ’ਚ ਵੱਜਣ ਤੋਂ ਬਾਅਦ ਇਕ ਕਾਰ ’ਤੇ ਪਲਟ ਗਿਆ।
ਹੈੱਡ ਕਾਂਸਟੇਬਲ ਰਵਿੰਦਰ ਨੇ ਦੱਸਿਆ ਕਿ ਡੰਪਰ ਦੁਪਹਿਰ 1 ਵਜੇ ਲੋਹਾ ਮੰਡੀ ਤੋਂ ਹਾਈਵੇਅ ਵੱਲ ਜਾ ਰਿਹਾ ਸੀ। ਉਸੇ ਦੌਰਾਨ ਅਚਾਨਕ ਡਰਾਈਵਰ ਨੇ ਡੰਪਰ ਤੋਂ ਕੰਟਰੋਲ ਗੁਆ ਦਿੱਤਾ ਅਤੇ ਲੱਗਭਗ 500 ਮੀਟਰ ਤੱਕ ਇਕ ਦਰਜ਼ਨ ਤੋਂ ਵੱਧ ਵਾਹਨਾਂ ਨੂੰ ਕੁਚਲਦਾ ਹੋਇਆ ਇਕ ਕੰਧ ਨਾਲ ਟਕਰਾਅ ਗਿਆ। ਉਨ੍ਹਾਂ ਦੱਸਿਆ ਕਿ ਡੰਪਰ ਵੱਲੋਂ ਕੁਚਲੇ ਗਏ ਵਾਹਨਾਂ ’ਚ ਲੱਗਭਗ 50 ਲੋਕ ਸਵਾਰ ਸਨ, ਜਿਨ੍ਹਾਂ ’ਚੋਂ 13 ਲੋਕਾਂ ਦੀ ਮੌਤ ਹੋ ਗਈ ਅਤੇ 22 ਤੋਂ ਵੱਧ ਜ਼ਖ਼ਮੀ ਹੋ ਗਏ।
ਨਸ਼ੇ ’ਚ ਟੱਲੀ ਸੀ ਡੰਪਰ ਡਰਾਈਵਰ
ਜਾਣਕਾਰੀ ਅਨੁਸਾਰ ਡੰਪਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ ਅਤੇ ਜੋ ਵੀ ਰਸਤੇ ’ਚ ਆਇਆ, ਉਸ ਨੂੰ ਕੁਚਲਦਾ ਚਲਾ ਗਿਆ। ਚਾਰੇ ਪਾਸੇ ਚੀਕ-ਚਿਹਾੜਾ ਮਚ ਗਿਆ ਸੀ। ਇਸ ਹਾਦਸੇ ’ਚ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ’ਚ 5 ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਡੰਪਰ ਦਾ ਡਰਾਈਵਰ ਸ਼ਰਾਬ ਦੇ ਨਸ਼ੇ ’ਚ ਟੱਲੀ ਸੀ। ਪੁਲਸ ਨੇ ਉਸ ਨੂੰ ਮੌਕੇ ’ਤੇ ਹੀ ਹਿਰਾਸਤ ’ਚ ਲੈ ਲਿਆ ਹੈ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
Read More : ਅਵਾਰਾ ਕੁੱਤਿਆਂ ਨੇ ਨੌਜਵਾਨ ਦਾ ਸਿਰ ਵੱਢ ਕੇ ਕੀਤਾ ਧੜ ਤੋਂ ਅਲੱਗ, ਮੌਤ
