ਕਣਕ ਦੇ ਸੀਜ਼ਨ ਲਈ ਅਜਨਾਲਾ ਹਲਕੇ ਵਾਸਤੇ ਕਣਕ ਦਾ ਬੀਜ ਸਾਂਭ ਕੇ ਰੱਖਣ ਦਾਨੀ ਕਿਸਾਨ : ਧਾਲੀਵਾਲ
ਅਜਨਾਲਾ, 3 ਸਤੰਬਰ : ਬੀਤੇ ਤਿੰਨ ਦਿਨਾਂ ਤੋਂ ਆਪਣੀ ਟੀਮ ਨਾਲ ਰਾਹਤ ਕੰਮਾਂ ’ਚ ਲੱਗੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਨੇ ਸੰਸਥਾਵਾਂ ਅਤੇ ਦਾਨੀ ਸ਼ਖਸੀਅਤਾਂ ਨੂੰ ਅਪੀਲ ਕੀਤੀ ਕਿ ਉਹ ਅਜਨਾਲਾ ਹਲਕੇ ’ਚ ਕੋਈ ਵੀ ਵਸਤੂ ਲੋੜਵੰਦਾਂ ਤੱਕ ਭੇਜਣ ਲਈ ਜ਼ਿਲਾ ਪ੍ਰਸ਼ਾਸਨ ਦੀ ਸਹਾਇਤਾ ਜ਼ਰੂਰ ਲੈਣ।
ਪਿੰਡ ਸ਼ਹਿਜ਼ਾਦ ਵਿਖੇ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਵੰਡ ਕਰਦੇ ਹੋਏ ਮੀਤ ਹੇਰ ਨੇ ਅਪੀਲ ਕੀਤੀ ਕਿ ਦਰਿਆ ਨਾਲ ਦੇ ਕੁਝ ਪਿੰਡ ਅਜਿਹੇ ਹਨ, ਜਿਨ੍ਹਾਂ ਲੋਕਾਂ ਨੂੰ ਆਪਣੇ ਘਰਾਂ ’ਚੋਂ ਪਾਉਣ ਵਾਲੇ ਕੱਪੜੇ ਵੀ ਚੁੱਕਣੇ ਨਸੀਬ ਨਹੀਂ ਹੋਏ ਕਿਉਂਕਿ ਪਾਣੀ ਬਹੁਤ ਤੇਜ਼ੀ ਨਾਲ ਆਇਆ। ਉਹ ਲੋਕ ਅੱਜ ਵੀ ਉੱਚੀਆਂ ਥਾਵਾਂ ’ਤੇ ਜਾਂ ਰਾਹਤ ਕੈਂਪਾਂ ’ਚ ਉਹੀ ਅੱਠ ਦਿਨ ਪੁਰਾਣੇ ਕੱਪੜੇ ਪਾ ਕੇ ਬੈਠੇ ਹਨ।
ਉਨ੍ਹਾਂ ਦੇ ਘਰਾਂ ਨੂੰ ਤਰੇੜਾਂ ਆ ਚੁੱਕੀਆਂ ਹਨ, ਘਰਾਂ ਦਾ ਸਾਰਾ ਸਾਮਾਨ ਜੋ ਕਿ ਪਿਛਲੇ ਸੱਤ-ਅੱਠ ਦਿਨ ਤੋਂ ਪਾਣੀ ’ਚ ਹੈ, ਬਰਬਾਦ ਹੋ ਚੁੱਕਾ ਹੈ, ਇਸ ਲਈ ਇਨ੍ਹਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਾਂ ਉਨ੍ਹਾਂ ’ਚ ਹੱਥ ਵੰਡਾਉਣ ਲਈ ਜ਼ਰੂਰੀ ਹੈ ਕਿ ਸਾਡਾ ਸਾਮਾਨ ਸਹੀ ਹੱਥਾਂ ਤੱਕ ਪਹੁੰਚੇ।
ਇਸੇ ਦੌਰਾਨ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੇਸ਼ ਭਰ ’ਚੋਂ ਆ ਰਹੀ ਮਦਦ ਲਈ ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਪਰ ਮੇਰੀ ਗੁਜ਼ਾਰਿਸ਼ ਹੈ ਕਿ ਤੁਹਾਡੇ ਵੱਲੋਂ ਦਿੱਤੀ ਗਈ ਸਹਾਇਤਾ ਲੋੜਵੰਦਾਂ ਤੱਕ ਪਹੁੰਚੇ, ਇਸ ਲਈ ਤੁਸੀਂ ਸਾਡੇ ਵੱਲੋਂ ਇਸ ਕੰਮ ਲਈ ਕਾਇਮ ਕੀਤੇ ਕੰਟਰੋਲ ਰੂਮ ਨਾਲ ਸੰਪਰਕ ਜ਼ਰੂਰ ਕਰੋ।
ਉਨ੍ਹਾਂ ਨੇ ਦੱਸਿਆ ਕਿ ਅਸੀਂ ਚਮਿਆਰੀ ਹੜ੍ਹ ਰਾਹਤ ਕੇਂਦਰ ਵਿਖੇ ਕੰਟਰੋਲ ਰੂਮ ਜਿਸ ਦਾ ਫੋਨ ਨੰਬਰ 62804-00958 ਹੈ, ਵਿਖੇ ਸੰਪਰਕ ਕਰੋ ਤਾਂ ਜੋ ਅਸੀਂ ਤੁਹਾਨੂੰ ਉਸ ਪਿੰਡ ਜਿੱਥੇ ਸਭ ਤੋਂ ਵੱਧ ਲੋੜ ਹੋਵੇ, ਦੀ ਲੋਕੇਸ਼ਨ, ਉਸ ਪਿੰਡ ਦੇ ਨੰਬਰਦਾਰ ਜਾਂ ਸਰਪੰਚ ਦਾ ਫੋਨ ਨੰਬਰ ਦੇ ਸਕੀਏ।
ਉਨ੍ਹਾਂ ਪੰਜਾਬ ਭਰ ਦੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਾਡੇ ਕਿਸਾਨਾਂ ਨੇ ਆ ਰਹੇ ਸੀਜ਼ਨ ’ਚ ਜੋ ਕਣਕ ਬੀਜਣੀ ਸੀ, ਦਾ ਬੀਜ ਪਾਣੀ ’ਚ ਭਿੱਜਣ ਕਰਕੇ ਖਰਾਬ ਹੋ ਗਿਆ ਹੈ, ਇਸ ਲਈ ਤੁਸੀਂ ਆਪਣੀਆਂ ਕਣਕਾਂ ਦੇ ਨਾਲ-ਨਾਲ ਅਜਨਾਲਾ ਹਲਕੇ ਵਾਸਤੇ ਵੀ ਥੋੜ੍ਹਾ ਥੋੜ੍ਹਾ ਬੀਜ ਸੰਭਾਲ ਕੇ ਰੱਖਿਓ ਤਾਂ ਜੋ ਅਸੀਂ ਹੜ੍ਹਾਂ ਤੋਂ ਬਾਅਦ ਖੇਤਾਂ ਦੀ ਸਫਾਈ ਕਰਕੇ ਕਣਕ ਦੀ ਬਿਜਾਈ ਕਰ ਸਕੀਏ।
ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਅਮਨਦੀਪ ਕੌਰ ਧਾਲੀਵਾਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਭੱਟੀ, ਸ਼ਹਿਰੀ ਪ੍ਰਧਾਨ ਅਮਿਤ ਔਲ ਵੀ ਮੌਜੂਦ ਸਨ।
Read More : ਕੈਬਨਿਟ ਮੰਤਰੀਆਂ ਵੱਲੋਂ ਘੱਗਰ ਨਾਲ ਲੱਗਦੇ ਇਲਾਕਿਆਂ ਦਾ ਦੌਰਾ