ਕੈਬਨਿਟ ਮੰਤਰੀ

ਲਹਿਰਾਗਾਗਾ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਓ.ਪੀ.ਡੀ. ਅਤੇ ਆਈ.ਪੀ.ਡੀ. ਸੇਵਾਵਾਂ ਸ਼ੁਰੂ

ਕੈਬਨਿਟ ਮੰਤਰੀ ਹਰਪਾਲ ਚੀਮਾ, ਡਾ. ਬਲਬੀਰ ਸਿੰਘ ਅਤੇ ਬਰਿੰਦਰ ਗੋਇਲ ਨੇ ਮੈਡੀਕਲ ਕਾਲਜ ਦੀ ਸਥਾਪਨਾ ਵੱਲ ਵਧਾਇਆ ਪਹਿਲਾ ਕਦਮ

ਲਹਿਰਾਗਾਗਾ, 15 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਲਹਿਰਾਗਾਗਾ ਵਿਖੇ ਮੈਡੀਕਲ ਕਾਲਜ ਅਤੇ ਹਸਪਤਾਲ ਖੋਲ੍ਹਣ ਦੇ ਇਤਿਹਾਸਕ ਫੈਸਲੇ ਦੀ ਕੜੀ ਤਹਿਤ ਪਹਿਲਾ ਵੱਡਾ ਕਦਮ ਚੁੱਕਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਥਾਨਕ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਵਿਖੇ ਓ.ਪੀ.ਡੀ. ਅਤੇ ਆਈ.ਪੀ.ਡੀ. ਸੇਵਾਵਾਂ ਦੀ ਸ਼ੁਰੂਆਤ ਕਰਵਾਈ। ਖਸਤਾ ਹਾਲਤ ’ਚ ਚੱਲ ਰਹੇ ਇਸ ਕੇਂਦਰ ਦੀ ਕਾਇਆ-ਕਲਪ ਕਰਕੇ ਹੁਣ ਇੱਥੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਨਾਲ ਲਹਿਰਾਗਾਗਾ ਸਮੇਤ 50 ਕਿਲੋਮੀਟਰ ਦੇ ਘੇਰੇ ਵਿਚਲੇ ਪਿੰਡਾਂ ਨੂੰ ਵੱਡਾ ਲਾਭ ਹੋਵੇਗਾ।

Lehragaga

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸੇਵਾਵਾਂ ‘ਅਚਾਰਿਆ ਵਿਦਿਆਨੰਦ ਜੈਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼’ ਰਾਹੀਂ ਨਿਭਾਈਆਂ ਜਾਣਗੀਆਂ, ਜਿਸ ਨਾਲ ਲਹਿਰਾਗਾਗਾ ਦੀ ਪਛਾਣ ਵਿਸ਼ਵ ਪੱਧਰ ’ਤੇ ਬਣੇਗੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਸੰਸਥਾ ਨੂੰ ਨਿੱਜੀ ਹੱਥਾਂ ’ਚ ਨਹੀਂ ਦਿੱਤਾ ਜਾ ਰਿਹਾ, ਸਗੋਂ ਜਨਹਿਤ ਟਰੱਸਟ ਰਾਹੀਂ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੰਦ ਪਏ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਨੂੰ ਮੈਡੀਕਲ ਕਾਲਜ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜੋ ਮੂਨਕ ਅਤੇ ਖਨੌਰੀ ਖੇਤਰਾਂ ਨੂੰ ਵੀ ਕਵਰ ਕਰੇਗਾ।

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਅਗਲੇ ਸਾਲ ਤੋਂ ਇੱਥੇ ਨਰਸਿੰਗ ਸਮੇਤ ਐਮ.ਡੀ. ਅਤੇ ਐਮ.ਐਸ. ਦੀਆਂ ਕਲਾਸਾਂ ਸ਼ੁਰੂ ਹੋਣਗੀਆਂ, ਜਿਸ ਨਾਲ ਇਲਾਕੇ ਦੇ ਕਾਬਲ ਵਿਦਿਆਰਥੀ ਆਪਣੇ ਹੀ ਖੇਤਰ ’ਚ ਡਾਕਟਰੀ ਦੀ ਪੜ੍ਹਾਈ ਕਰ ਸਕਣਗੇ।

ਉਨ੍ਹਾਂ ਕਿਹਾ ਕਿ ਹੁਣ ਗੰਭੀਰ ਮਰੀਜ਼ਾਂ ਨੂੰ ਪਟਿਆਲਾ ਜਾਂ ਸੰਗਰੂਰ ਜਾਣ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਕੀਮਤੀ ਜਾਨਾਂ ਬਚ ਸਕਣਗੀਆਂ। ਇਹ ਮੈਡੀਕਲ ਕਾਲਜ 100 ਐਮ.ਬੀ.ਬੀ.ਐਸ. ਸੀਟਾਂ ਅਤੇ 440 ਬਿਸਤਰਿਆਂ ਦੀ ਸਮਰੱਥਾ ਨਾਲ ਚਲਾਇਆ ਜਾਵੇਗਾ, ਜਿੱਥੇ ਫੀਸ ਢਾਂਚਾ ਸਰਕਾਰੀ ਨਿਯਮਾਂ ਅਨੁਸਾਰ ਹੀ ਹੋਵੇਗਾ। ਇਸ ਮੌਕੇ ਟਰੱਸਟ ਦੇ ਚੇਅਰਮੈਨ ਡਾ. ਧਰਮਪਾਲ ਜੈਨ, ਸਿਵਲ ਸਰਜਨ ਡਾ. ਅਮਰਜੀਤ ਕੌਰ ਅਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ’ਚ ਹਾਜ਼ਰ ਸਨ।

Read More : ਬੀਬੀਐਮਬੀ ਨਿਯੁਕਤੀ ਨਿਯਮਾਂ ਵਿਚ ਕੇਂਦਰ ਦੀ ਸੋਧ ਪੰਜਾਬ ਦੇ ਹੱਕਾਂ ਅਤੇ ਸੰਘੀ ਢਾਂਚੇ ‘ਤੇ ਸਿੱਧਾ ਹਮਲਾ : ‘ਆਪ’

Leave a Reply

Your email address will not be published. Required fields are marked *