ਕੋਰਟ ਨੇ ਜੁਰਮਾਨਾ ਵੀ ਲਾਇਆ; ਗਲਤੀ ਨਾਲ ਪਾਰ ਕਰ ਗਿਆ ਸੀ ਸਰਹੱਦ
ਜਲਾਲਾਬਾਦ, 2 ਅਗਸਤ : ਜ਼ਿਲਾ ਫਾਜ਼ਿਲਕਾ ਦੇ ਜਲਾਲਾਬਾਦ ਦੇ ਪਾਸੇ ਪੈਂਦੇ ਪਿੰਡ ਖੈਰੇ ਤੋਂ ਗੁੰਮ ਹੋਏ ਕਿਸਾਨ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਅੰਮ੍ਰਿਤਪਾਲ ਨੂੰ ਵਿਦੇਸ਼ੀ ਕਾਨੂੰਨ 1946 ਅਧੀਨ ਇਕ ਮਹੀਨੇ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।
ਜੇਕਰ ਜੁਰਮਾਨਾ ਨਹੀਂ ਭਰਿਆ ਗਿਆ ਤਾਂ ਉਸ ਨੂੰ 15 ਦਿਨ ਹੋਰ ਜ਼ਿਆਦਾ ਜੇਲ ’ਚ ਰਹਿਣਾ ਪਵੇਗਾ। ਉਹ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ’ਚ ਚਲਾ ਗਿਆ ਸੀ। ਹਾਲੇ ਅੰਮ੍ਰਿਤਪਾਲ ਨੂੰ ਇਸਲਾਮਾਬਾਦ ਦੀ ਜੇਲ ’ਚ ਰੱਖਿਆ ਗਿਆ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਭੇਜਿਆ ਜਾਵੇਗਾ।
ਇਸ ਫੈਸਲੇ ਨਾਲ ਉਸ ਦੇ ਪਰਿਵਾਰ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ ਕਿਉਂਕਿ ਅਦਾਲਤ ਨੇ ਸਜ਼ਾ ਪੂਰੀ ਹੋਣ ਮਗਰੋਂ ਅੰਮ੍ਰਿਤਪਾਲ ਨੂੰ ਭਾਰਤ ਭੇਜਣ (ਡਿਪੋਰਟ) ਲਈ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ।
ਅਮ੍ਰਿਤਪਾਲ ਦੇ ਪਿਤਾ ਜਗਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 21 ਜੂਨ ਨੂੰ ਖੇਤੀਬਾੜੀ ਕਰਨ ਲਈ ਭਾਰਤ-ਪਾਕਿ ਸਰਹੱਦ ਨੇੜੇ ਗਿਆ ਸੀ ਪਰ ਸ਼ਾਮ ਤੱਕ ਵਾਪਸ ਨਹੀਂ ਆਇਆ। ਅੰਮ੍ਰਿਤਪਾਲ ਦਾ ਇਕ ਚਾਰ ਮਹੀਨੇ ਦਾ ਪੁੱਤਰ ਵੀ ਹੈ ਅਤੇ ਉਹ ਪਰਿਵਾਰ ਦਾ ਇਕਲੌਤਾ ਪੁੱਤਰ ਹੈ।
Read More : ਮੰਤਰੀ ਖੁੱਡੀਆਂ ਨੇ 11 ਖੇਤੀਬਾੜੀ ਵਿਕਾਸ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ