ਮਲੋਟ, 26 ਅਕਤੂਬਰ : ਲੰਬੀ ਹਲਕੇ ਦੇ ਪਿੰਡ ਫੁੱਲੂਖੇੜਾ ’ਚ ਝੋਨੇ ਦੀ ਟਰਾਲੀ ਲਾਹੁਣ ਮੌਕੇ ਹੋਏ ਝਗੜੇ ’ਚ ਇਕ ਕਿਸਾਨ ਦੀ ਮੌਤ ਹੋ ਗਈ ਹੈ। ਕੁਲਵੀਰ ਸਿੰਘ ਵਾਸੀ ਪਿੰਡ ਫੁੱਲੂਖੇੜਾ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਹ ਅੱਜ ਸਵੇਰੇ ਆਪਣੇ ਭਰਾ ਲਖਵੀਰ ਸਿੰਘ ਅਤੇ ਪਿਤਾ ਬਲਦੇਵ ਸਿੰਘ ਨਾਲ ਪਿੰਡ ਦੀ ਮੰਡੀ ਵਿਚ ਝੋਨੇ ਦੀ ਟਰਾਲੀ ਲੈ ਕੇ ਗਏ ਸਨ।
ਉਹ ਝੋਨਾ ਲਾਹੁਣ ਸਬੰਧੀ ਪਿੜ ਦੀ ਸਫ਼ਾਈ ਕਰ ਰਹੇ ਸਨ ਕਿ ਉਥੇ ਸਵਰਨ ਸਿੰਘ ਪੁੱਤਰ ਗੁਰਬਚਨ ਸਿੰਘ ਅਤੇ ਉਸ ਦਾ ਭਤੀਜਾ ਸੁਖਵੀਰ ਸਿੰਘ ਝੋਨੇ ਦੀ ਟਰਾਲੀ ਲੈ ਕੇ ਪੁੱਜੇ। ਉਕਤ ਵਿਅਕਤੀ ਸਾਡੇ ਵੱਲੋਂ ਸਾਫ਼ ਕੀਤੀ ਥਾਂ ’ਤੇ ਝੋਨਾ ਲਾਹੁਣ ਲੱਗੇ। ਮੁੱਦਈ ਅਨੁਸਾਰ ਉਨ੍ਹਾਂ ਨੇ ਉਸ ਨੂੰ ਰੋਕਦਿਆਂ ਕਿਹਾ ਕਿ ਇਹ ਥਾਂ ਅਸੀਂ ਸਾਫ਼ ਕੀਤੀ ਹੈ, ਤੁਸੀਂ ਕਿਤੇ ਹੋਰ ਝੋਨਾ ਲਾਹ ਲਓ ਤਾਂ ਉਕਤ ਵਿਅਕਤੀ ਗਾਲ੍ਹਾਂ ਕੱਢਣ ਲੱਗੇ।
ਇਸ ਦੌਰਾਨ ਸਵਰਨ ਸਿੰਘ ਅਤੇ ਸੁਖਵੀਰ ਸਿੰਘ ਨੇ ਉਸ ਨਾਲ ਤੇ ਉਸ ਦੇ ਬਜ਼ੁਰਗ ਪਿਤਾ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਵਰਨ ਸਿੰਘ ਨੇ ਉਸ ਦੇ ਪਿਤਾ ਨੂੰ ਜ਼ੋਰ ਨਾਲ ਧੱਕਾ ਮਾਰਿਆ, ਜਿਸ ਕਾਰਨ ਉਸ ਦਾ ਬਜ਼ੁਰਗ ਪਿਤਾ ਪਿੜ ’ਚ ਡਿੱਗ ਕੇ ਬੇਹੋਸ਼ ਹੋ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਿਤਾ ਬਲਦੇਵ ਸਿੰਘ ਨੂੰ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਉਨ੍ਹਾ ਦੀ ਮੌਤ ਹੋ ਚੁੱਕੀ ਸੀ।
ਇਸ ਮਾਮਲੇ ਸਬੰਧੀ ਲੰਬੀ ਪੁਲਸ ਨੇ ਕੁਲਵੀਰ ਸਿੰਘ ਦੇ ਬਿਆਨਾਂ ’ਤੇ ਸਵਰਨ ਸਿੰਘ ਅਤੇ ਉਸ ਦੇ ਭਤੀਜੇ ਸੁਖਵੀਰ ਸਿੰਘ ਵਿਰੁੱਧ ਗੈਰ-ਇਰਾਦਤਨ ਹੱਤਿਆ ਸਮੇਤ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
Read More : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ੁਰੂ
