ਚੰਡੀਗੜ੍ਹ, 9 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਦੱਖਣੀ ਕੋਰੀਆ ਦੇ ਦੌਰੇ ਦੇ ਆਖ਼ਰੀ ਦਿਨ ਕੀਤੇ ਪ੍ਰਭਾਵਸ਼ਾਲੀ ਨਿਵੇਸ਼ ਰੋਡ ਸ਼ੋਅ ਨੂੰ ਮੋਹਰੀ ਸਨਅਤੀ ਕੰਪਨੀਆਂ ਦੀ ਸ਼ਮੂਲੀਅਤ ਨਾਲ ਭਰਵਾਂ ਹੁੰਗਾਰਾ ਮਿਲਿਆ ਤੇ ਇਨ੍ਹਾਂ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ਕਰਨ ’ਚ ਰੁਚੀ ਦਿਖਾਈ।
ਵਪਾਰਕ ਮੋਹਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਪੰਜਾਬ ਦੀ ਸਥਿਰ ਤੇ ਪਾਰਦਰਸ਼ੀ ਸ਼ਾਸਨ ਅਤੇ ਭਵਿੱਖੀ ਨਿਵੇਸ਼ ਵਾਸਤੇ ਤਿਆਰ ਸਥਾਨ ਵਜੋਂ ਨਿਸ਼ਾਨਦੇਹੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਜ਼ਬੂਤ ਉਦਯੋਗਿਕ ਈਕੋ-ਸਿਸਟਮ, ਭਰੋਸੇਯੋਗ ਤੇ ਸਸਤੀ ਬਿਜਲੀ, ਹੁਨਰਮੰਦ ਤੇ ਮਿਹਨਤੀ ਕਾਮੇ ਤੇ ਵੱਡੇ ਬਾਜ਼ਾਰਾਂ ਨਾਲ ਸੁਚਾਰੂ ਸੰਪਰਕ ਸਹੂਲਤ ਇਸ ਨੂੰ ਨਿਵੇਸ਼ ਲਈ ਸਭ ਤੋਂ ਵੱਧ ਤਰਜੀਹੀ ਸਥਾਨ ਬਣਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਜ਼ਨ ਤਰਜੀਹੀ ਖੇਤਰਾਂ ਬਾਰੇ ਦੱਖਣੀ ਕੋਰੀਆ ਨਾਲ ਤਕਨਾਲੋਜੀ, ਨਵੀਨਤਾ ਅਤੇ ਪਰਸਪਰ ਲਾਹੇਵੰਦ ਰਿਸ਼ਤਿਆਂ ਤੋਂ ਪ੍ਰੇਰਿਤ ਹੈ। ਇਸ ਨਾਲ ਨਵੀਨਤਾ ਆਧਾਰਤ ਸਨਅਤੀ ਵਿਕਾਸ, ਲੰਮੇ ਸਮੇਂ ਦੇ ਰਿਸ਼ਤੇ ਤੇ ਪਰਸਪਰ ਲਾਹੇਵੰਦ ਭਾਈਵਾਲੀ ਨੂੰ ਹੁਲਾਰਾ ਮਿਲੇਗਾ। ਇਸ ਨਾਲ ਮਨੂਫੈਕਚਰਿੰਗ, ਤਕਨਾਲੋਜੀ, ਫੂਡ ਪ੍ਰੋਸੈਸਿੰਗ ਤੇ ਖੋਜ ਦੇ ਖੇਤਰ ’ਚ ਵੱਡੀਆਂ ਸੰਭਾਵਨਾਵਾਂ ਹਨ।
ਪੰਜਾਬ ਦਾ ਦ੍ਰਿਸ਼ਟੀਕੋਣ ਸਾਂਝੇਦਾਰੀ ਅਤੇ ਉਦਯੋਗਾਂ ਨਾਲ ਮਿਲ ਕੇ ਕੰਮ ਕਰਨ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰ ਵਿਕਾਸ ਦੇ ਪ੍ਰੇਰਕ ਵਜੋਂ ਕੰਮ ਕਰੇ। ਉਨ੍ਹਾਂ ਨੇ ਨਿਵੇਸ਼ਕਾਂ ਨੂੰ 13 ਤੋਂ 15 ਮਾਰਚ 2026 ਤੱਕ ਆਈ.ਐੱਸ.ਬੀ. ਮੋਹਾਲੀ ਕੈਂਪਸ ਵਿਖੇ ਹੋਣ ਵਾਲੇ ਛੇਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਮੰਤਰੀ ਸੰਜੀਵ ਅਰੋੜਾ ਤੇ ਹੋਰ ਅਧਿਕਾਰੀ ਹਾਜ਼ਰ ਸਨ।
Read More : ਪੈਸਾ ਲੈਣ-ਦੇਣ ਦੀ ਨੌਬਤ ਆਵੇ ਤਾਂ ਛੱਡ ਦੇਵਾਂਗਾ ਰਾਜਨੀਤੀ : ਅਨਿਲ ਜੋਸ਼ੀ
