Nitish Kumar's son joins JDU

ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਕੁਮਾਰ ਰਸਮੀ ਤੌਰ ‘ਤੇ ਜੇਡੀਯੂ ਵਿਚ ਸ਼ਾਮਲ

ਕੇਂਦਰੀ ਮੰਤਰੀ ਲਲਨ ਸਿੰਘ ਅਤੇ ਸੰਜੇ ਝਾਅ ਦੀ ਮੌਜੂਦਗੀ ਵਿਚ ਫੜਿਆ ਪਾਰਟੀ ਦਾ ਪੱਲਾ

ਪਟਨਾ, 9 ਮਾਰਚ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਕੁਮਾਰ ਅੱਜ ਰਸਮੀ ਤੌਰ ’ਤੇ ਜਨਤਾ ਦਲ (ਯੂਨਾਈਟਿਡ) ਵਿੱਚ ਸ਼ਾਮਲ ਹੋ ਗਏ ਹਨ। 40 ਸਾਲਾ ਨਿਸ਼ਾਂਤ ਕੁਮਾਰ, ਜੋ ਕਿ ਪੇਸ਼ੇ ਤੋਂ ਇੰਜਨੀਅਰਿੰਗ ਗ੍ਰੈਜੂਏਟ ਹਨ, ਨੇ ਪਾਰਟੀ ਹੈੱਡਕੁਆਰਟਰ ਵਿਖੇ ਸਿਖਰਲੇ ਆਗੂਆਂ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ‘ਲਲਨ’ ਅਤੇ ਜੇਡੀਯੂ ਦੇ ਕੌਮੀ ਕਾਰਜਕਾਰੀ ਪ੍ਰਧਾਨ ਸੰਜੇ ਝਾਅ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਇਸ ਦੌਰਾਨ ਨਿਸ਼ਾਂਤ ਕੁਮਾਰ ਨੇ ਕਿਹਾ ਕਿ ਉਹ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ। ਉਨ੍ਹਾਂ ਆਪਣੇ ਪਿਤਾ ਨਿਤੀਸ਼ ਕੁਮਾਰ ਦੇ ਰਾਜ ਸਭਾ ਜਾਣ ਦੇ ਫ਼ੈਸਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ ਅਤੇ ਪਰਿਵਾਰ ਦੇ ਸਾਰੇ ਮੈਂਬਰ ਇਸ ਦਾ ਸਤਿਕਾਰ ਕਰਦੇ ਹਨ। ਨਿਸ਼ਾਂਤ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਮਾਰਗਦਰਸ਼ਨ ਹੇਠ ਆਪਣਾ ਕੰਮ ਜਾਰੀ ਰੱਖਾਂਗੇ।”

ਨਿਸ਼ਾਂਤ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿੰਦਿਆਂ ਪਿਛਲੇ 20 ਸਾਲਾਂ ਵਿੱਚ ਰਾਜ ਦੇ ਵਿਕਾਸ ਲਈ ਬਹੁਤ ਵੱਡੇ ਕੰਮ ਕੀਤੇ ਹਨ, ਜਿਨ੍ਹਾਂ ਨੂੰ ਲੋਕ ਕਦੇ ਨਹੀਂ ਭੁੱਲਣਗੇ।

ਉਨ੍ਹਾਂ ਨੇ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਉਸ ਭਰੋਸੇ ਦਾ ਮਾਣ ਰੱਖਾਂਗਾ ਜੋ ਤੁਸੀਂ ਸਾਰਿਆਂ ਨੇ ਮੇਰੇ ‘ਤੇ ਜਤਾਇਆ ਹੈ। ਮੈਂ ਮੁੱਖ ਮੰਤਰੀ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਘਰ-ਘਰ ਤੱਕ ਲੈ ਕੇ ਜਾਵਾਂਗਾ।” ਪਾਰਟੀ ਦਫ਼ਤਰ ਪਹੁੰਚਣ ‘ਤੇ ਨਿਸ਼ਾਂਤ ਕੁਮਾਰ ਦਾ ਸਵਾਗਤ ਕੀਤਾ ਗਿਆ। ਵਰਕਰਾਂ ਨੇ ਢੋਲ ਵਜਾ ਕੇ ਅਤੇ ਝੰਡੇ ਲਹਿਰਾ ਕੇ ਜਸ਼ਨ ਮਨਾਇਆ।

Read More : ਸਾਊਦੀ ਅਰਬ ਦੀ ਈਰਾਨ ਨੂੰ ਚਿਤਾਵਨੀ: ‘ਹਮਲੇ ਜਾਰੀ ਰਹੇ ਤਾਂ ਭੁਗਤਣਾ ਪਵੇਗਾ ਵੱਡਾ ਨੁਕਸਾਨ’

Leave a Reply

Your email address will not be published. Required fields are marked *