ਅੰਮ੍ਰਿਤਸਰ, 22 ਅਕਤੂਬਰ : ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਦਲਾਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਵੱਲੋਂ ਅਰਦਾਸ ਕਰਨ ਉਪਰੰਤ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ਨਿਸ਼ਾਨ, ਨਗਾਰਿਆਂ ਦੀ ਛਤਰ-ਛਾਇਆ ਹੇਠ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਬੁਰਜ ਬਾਬਾ ਫੂਲਾ ਸਿੰਘ ਅਕਾਲੀ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਤੋਂ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਮਹੱਲਾ ਦੀ ਆਰੰਭਤਾ ਹੋਈ।
ਇਸ ਤੋਂ ਪਹਿਲਾਂ ਗੁਰਦੁਆਰਾ ਮੱਲ ਅਖਾੜਾ ਵਿਖੇ ਨਿਹੰਗ ਸਿੰਘਾਂ ਦੀ ਚੱਲੀ ਆਉਂਦੀ ਮਰਿਆਦਾ ਅਨੁਸਾਰ ਅਖੰਡ ਪਾਠਾਂ ਦੇ ਭੋਗ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ, ਨਿਹੰਗ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ ਬਟਾਲਾ ਆਦਿ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਬਾਬਾ ਇੰਦਰ ਸਿੰਘ ਬੁੱਢਾ ਦਲ ਦੇ ਇਤਿਹਾਸ ਸਬੰਧੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ।
ਮਹੱਲੇ ਵਿਚ ਸ਼ਾਮਲ ਹੋਣ ਲਈ ਪੁੱਜੇ ਦਲਾਂ ਦੇ ਜਥੇਦਾਰਾਂ ਅਤੇ ਨਿਹੰਗ ਸਿੰਘ ਫੌਜਾਂ ਦਾ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਾਰੀਆਂ ਆਈਆਂ ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਮਹੱਲੇ ਵਿਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਪੰਜਵਾਂ ਤਖ਼ਤ ਚਲਦਾਵਹੀਰ ਤੋਂ ਇਲਾਵਾ ਜਥੇਦਾਰ ਬਾਬਾ ਜੋਗਾ ਸਿੰਘ ਮੁਖੀ ਸ਼ਹੀਦ ਮਿਸਲ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਜਥੇਦਾਰ ਦਲ ਪੰਥ ਬਾਬਾ ਬਿਧੀ ਚੰਦ ਤਰਨਾ ਦਲ ਸੁਰਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ ਵੱਲੋਂ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ ਆਦਿ ਸ਼ਾਮਲ ਸਨ।
Read More : ਦੀਵਾਲੀ ਦੀ ਰਾਤ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ