ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ, ਗਰੇਸ ਅੰਕਾਂ ਦੀ ਮੰਗ
ਮਾਪਿਆਂ ਨੇ ਕਿਹਾ—ਲਾਪਰਵਾਹੀ ਦੀ ਜਾਂਚ ਹੋਵੇ
ਗੁਰਦਾਸਪੁਰ, 20 ਫਰਵਰੀ : ਸਿੱਖਿਆ ਵਿਭਾਗ ਪੰਜਾਬ ਇਕ ਵਾਰ ਫਿਰ ਵਿਵਾਦਾਂ ’ਚ ਘਿਰ ਗਿਆ ਹੈ। ਅੱਠਵੀਂ ਜਮਾਤ ਦੀ ਚੱਲ ਰਹੀ ਬੋਰਡ ਪ੍ਰੀਖਿਆ ਦੌਰਾਨ ਸਾਇੰਸ ਦੇ ਪੰਜਾਬੀ ਮਾਧਿਅਮ ਵਾਲੇ ਪ੍ਰਸ਼ਨ ਪੱਤਰ ’ਚ ਆਖਰੀ ਤਿੰਨ ਪ੍ਰਸ਼ਨ ਨਾ ਛਪੇ ਹੋਣ ਕਾਰਨ ਹਜ਼ਾਰਾਂ ਵਿਦਿਆਰਥੀਆਂ ਨੂੰ ਨੁਕਸਾਨ ਝੱਲਣਾ ਪਿਆ ਹੈ।
ਜਾਣਕਾਰੀ ਅਨੁਸਾਰ ਪ੍ਰਸ਼ਨ ਨੰਬਰ 28, 29 ਅਤੇ 30 ਪ੍ਰਸ਼ਨ ਪੱਤਰ ’ਚ ਮੌਜੂਦ ਹੀ ਨਹੀਂ ਸਨ। ਇਹ ਤਿੰਨੋਂ ਪ੍ਰਸ਼ਨ ਪੰਜ–ਪੰਜ ਅੰਕਾਂ ਦੇ ਸਨ, ਜਿਸ ਨਾਲ ਵਿਦਿਆਰਥੀਆਂ ਦੇ ਕੁੱਲ 15 ਅੰਕ ਪ੍ਰਭਾਵਿਤ ਹੋਏ ਹਨ। ਦੂਜੇ ਪਾਸੇ ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਦੇ ਵਿਦਿਆਰਥੀਆਂ ਨੇ ਪੂਰੇ 30 ਪ੍ਰਸ਼ਨ ਹੱਲ ਕਰ ਕੇ ਪੇਪਰ ਦਿੱਤਾ, ਜਿਸ ਨਾਲ ਪੰਜਾਬੀ ਮਾਧਿਅਮ ਦੇ ਬੱਚਿਆਂ ’ਚ ਨਾਇਨਸਾਫ਼ੀ ਦੀ ਭਾਵਨਾ ਪੈਦਾ ਹੋ ਗਈ ਹੈ।
ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਸਾਲ ਭਰ ਮਿਹਨਤ ਕੀਤੀ ਪਰ ਬੋਰਡ ਦੀ ਗਲਤੀ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਮਾਪਿਆਂ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਤੋਂ ਬਾਹਰ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਮਾਪਿਆਂ ਅਤੇ ਵਿਦਿਆਰਥੀਆਂ ਦੀ ਸਾਂਝੀ ਮੰਗ ਹੈ ਕਿ ਪੰਜਾਬੀ ਮਾਧਿਅਮ ਦੇ ਪ੍ਰਭਾਵਿਤ ਬੱਚਿਆਂ ਨੂੰ ਤਿੰਨ ਵੱਡੇ ਪ੍ਰਸ਼ਨਾਂ ਦੇ ਬਦਲੇ ਯੋਗ ਗਰੇਸ ਅੰਕ ਦਿੱਤੇ ਜਾਣ ਤਾਂ ਜੋ ਉਨ੍ਹਾਂ ਦੇ ਨਤੀਜੇ ’ਤੇ ਕੋਈ ਨਕਾਰਾਤਮਕ ਅਸਰ ਨਾ ਪਵੇ। ਇਸ ਘਟਨਾ ਨੇ ਸਿੱਖਿਆ ਪ੍ਰਣਾਲੀ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖਿਆ ਵਿਭਾਗ ਅਤੇ ਬੋਰਡ ਇਸ ਮਾਮਲੇ ’ਚ ਕਿੰਨੀ ਜਲਦੀ ਕਾਰਵਾਈ ਕਰਦੇ ਹਨ ਅਤੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਇਨਸਾਫ਼ ਕਿਵੇਂ ਦਿੰਦੇ ਹਨ।
Read More : ਰੋਜ਼ ਫੈਸਟੀਵਲ ਸ਼ੁਰੂ : ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਤੇ ਪਾਰਕਿੰਗ ਸਬੰਧੀ ਐਡਵਾਈਜ਼ਰੀ ਜਾਰੀ
