ਚੁੱਪ-ਚੁਪੀਤੇ ਹੀ ਕਿਸੇ ਹੋਰ ਨਾਂ ’ਤੇ ਪੋਰਟ ਕਰਵਾ ਲਿਆ ਦੁਕਾਨਦਾਰ ਦਾ ਮੋਬਾਈਲ ਨੰਬਰ
ਗੁਰਦਾਸਪੁਰ, 3 ਦਸੰਬਰ : ਸਾਈਬਰ ਠੱਗਾਂ ਵੱਲੋਂ ਜਿਥੇ ਵੱਖ-ਵੱਖ ਢੰਗਾਂ ਨਾਲ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗੁਰਦਾਸਪੁਰ ’ਚ ਇਕ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਇਕ ਵਿਅਕਤੀ ਨੂੰ ਕਿਸੇ ਵੀ ਜਾਣਕਾਰੀ ਦਿੱਤੀ ਬਗੈਰ ਹੀ ਉਸਦਾ ਸਿਮ ਕਾਰਡ ਕਿਸੇ ਹੋਰ ਕੰਪਨੀ ਦੇ ਮੋਬਾਈਲ ਨੈੱਟਵਰਕ ’ਚ ਪੋਰਟ ਕਰ ਦਿੱਤਾ ਗਿਆ।
ਸਦਰ ਬਾਜ਼ਾਰ ’ਚ ਇਕ ਮਨਿਆਰੀ ਦੀ ਦੁਕਾਨ ਕਰਨ ਵਾਲੇ ਰਾਕੇਸ਼ ਕੁਮਾਰ ਦੇ ਪੁੱਤਰ ਚੰਦਨ ਕੁਮਾਰ ਨੇ ਦੱਸਿਆ ਕਿ ਉਸ ਦੀ ਸਿਮ ਬੀਤੇ ਸ਼ੁੱਕਰਵਾਰ ਨੂੰ ਅਚਾਨਕ ਬੰਦ ਹੋ ਜਾਂਦੀ ਹੈ ਤਾਂ ਅਗਲੇ ਦਿਨ ਸ਼ਨੀਵਾਰ ਨੂੰ ਉਹ ਜੀਓ ਕੰਪਨੀ ਦੇ ਦਫਤਰ ਜਾਂਦਾ ਹੈ, ਉਸਨੂੰ ਪਤਾ ਲੱਗਦਾ ਹੈ ਕਿ ਉਸ ਦੀ ਸਿਮ ਪੋਰਟ ਕਰਵਾ ਲਈ ਗਈ ਹੈ, ਜੋ ਵੋਡਾਫੋਨ ਆਈਡੀਆ ਕੰਪਨੀ ’ਚ ਪੋਰਟ ਹੋਈ ਹੈ।
ਉਸਨੇ ਨਾ ਤਾਂ ਕਦੇ ਜੀਓ ਕੰਪਨੀ ਨੂੰ ਪੋਰਟ ਕਰਨ ਦੀ ਦਰਖਾਸਤ ਦਿੱਤੀ ਸੀ ਤੇ ਨਾ ਹੀ ਉਹ ਪੋਰਟ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਸ ਦਾ ਹੈਰਾਨ ਹੋਣਾ ਸ਼ੁੱਭਾਵਕ ਸੀ। ਜਦੋਂ ਉਹ ਵੋਡਾਫੋਨ ਕੰਪਨੀ ਦੇ ਦਫਤਰ ਗਿਆ ਤਾਂ ਪਤਾ ਲੱਗਿਆ ਕਿ ਉਸ ਦੀ ਸਿਮ ਯੂਪੀ ’ਚ ਕਿਸੇ ਨਿਤੇਸ਼ ਕੁਮਾਰ ਦੇ ਵਿਅਕਤੀ ਵੱਲੋਂ ਪੋਰਟ ਕਰਵਾਈ ਗਈ ਹੈ। ਦੋਵਾਂ ’ਚੋਂ ਕੋਈ ਵੀ ਕੰਪਨੀ ਉਸ ਨੂੰ ਇਹ ਨਹੀਂ ਦੱਸ ਸਕੀ ਕਿ ਬਿਨਾਂ ਉਸਦੀ ਇਜਾਜ਼ਤ ਦੇ, ਬਿਨਾਂ ਉਸਦੇ ਅੰਗੂਠਾ ਲਗਾਏ ਬਿਨਾਂ ਉਸ ਦੇ ਆਧਾਰ ਕਾਰਡ ਦੇ ਉਸ ਦੀ ਸਿਮ ਕਿਸੇ ਹੋਰ ਦੇ ਨਾਂ ਪੋਰਟ ਕਿੱਦਾ ਹੋ ਗਈ।
ਚੰਦਨ ਕੁਮਾਰ ਅਨੁਸਾਰ ਉਸਨੇ ਉਸ ਵੇਲੇ ਤਾਂ ਹੋਰ ਨਵਾਂ ਨੰਬਰ ਈਸ਼ੂ ਕਰਵਾ ਲਿਆ ਪਰ ਉਸਦੇ ਪੁਰਾਣੇ ਨੰਬਰ ਤੋਂ ਉਨ੍ਹਾਂ ਦੇ ਗਾਹਕਾਂ ਨੂੰ ਉਸ ਦੇ ਨਾਂ ਤੇ ਪੈਸੇ ਮੰਗੇ ਜਾ ਰਹੇ ਹਨ ਅਤੇ ਉਸਦੇ ਬੈਂਕ ਖਾਤਿਆਂ ਨਾਲ ਵੀ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਪੈਸੇ ਮੰਗਣ ਵਾਲਿਆਂ ਦੇ ਝਾਂਸੇ ’ਚ ਉਨ੍ਹਾਂ ਦਾ ਕੋਈ ਗਾਹਕ ਨਹੀਂ ਆਇਆ ਅਤੇ ਨਾ ਹੀ ਉਸਦੇ ਬੈਂਕ ਖਾਤੇ ’ਚ ਕੋਈ ਪੈਸਾ ਸੀ, ਜਿਸ ਕਾਰਨ ਠੱਗੀ ਹੋਣ ਤੋਂ ਬਚ ਗਏ।
ਦੂਜੇ ਬੈਂਕ ਖਾਤੇ ’ਚੋਂ ਬੈਂਕ ਜਾ ਕੇ ਉਸਨੇ ਭੁਗਤਾਨ ਲਈ ਰੋਕ ਲਗਵਾ ਦਿੱਤੀ ਹੈ ਪਰ ਇਹ ਇਕ ਖਤਰਨਾਕ ਸੰਕੇਤ ਹੈ ਕਿ ਬਿਨਾਂ ਕਿਸੇ ਦੀ ਇਜਾਜ਼ਤ ਦੇ ਉਸ ਦੀ ਸਿਮ ਕੋਈ ਹੋਰ ਪੋਰਟ ਕਰਵਾ ਲੈਂਦਾ ਹੈ।
ਉਸ ਨੇ ਦੱਸਿਆ ਕਿ ਜਦੋਂ ਸ਼ਿਕਾਇਤ ਲੈ ਕੇ ਉਹ ਸਾਈਬਰ ਕ੍ਰਾਈਮ ਦਫਤਰ ਗਿਆ ਤਾਂ ਉਹ ਕੰਪਲੇਂਟ ਲਿਖਣ ਤੋਂ ਇਨਕਾਰ ਕਰ ਦਿੰਦੇ ਹਨ ਕਿਉਂਕਿ ਕੋਈ ਠੱਗੀ ਜਾਂ ਮਾਲੀ ਨੁਕਸਾਨ ਫਿਲਹਾਲ ਨਹੀਂ ਹੋਇਆ ਹੈ ਪਰ ਇਸ ਦੀ ਜਾਂਚ ਤਾਂ ਹੋਣੀ ਚਾਹੀਦੀ ਹੈ ਕਿ ਉਸਦੀ ਸਿਮ ਕਿਵੇਂ ਪੋਰਟ ਹੋ ਗਈ।
ਉਸਨੇ ਦੱਸਿਆ ਕਿ ਪੋਰਟ ਕਰਵਾਉਣ ਵਾਲਾ ਫੋਨ ਚੁੱਕਦਾ ਨਹੀਂ ਸਿਰਫ ਵਟਸ ਐਪ ਤੇ ਹੀ ਗੱਲ ਕਰਦਾ ਹੈ। ਪਰ ਉਸ ਨੇ ਆਪਣੇ ਜਾਣਕਾਰਾਂ ਅਤੇ ਗ੍ਰਾਹਕਾਂ ਨੂੰ ਕਹਿ ਦਿੱਤਾ ਹੈ ਕਿ ਜੇਕਰ ਉਸਦੇ ਪੁਰਾਣੇ ਨੰਬਰ ਤੋਂ ਕੋਈ ਫੋਨ ਜਾਂ ਮੈਸੇਜ ਆਏ ਤਾਂ ਸਾਵਧਾਨ ਰਹੋ ਅਤੇ ਕਿਸੇ ਤਰ੍ਹਾਂ ਦਾ ਭੁਗਤਾਨ ਨਾ ਕਰੋ।
Read More : ਪ੍ਰਧਾਨ ਮੰਤਰੀ ਦਫਤਰ ਦੇ ਨਵੇਂ ਕੰਪਲੈਕਸ ਦਾ ਨਾਂ ਹੁਣ ‘ਸੇਵਾ ਤੀਰਥ’ ਹੋਵੇਗਾ
