ਸਕੂਲ ਪਹੁੰਚ ਕੇ ਹੀ ਲੱਗੇਗੀ ਆਨਲਾਈਨ ਹਾਜ਼ਰੀ; ਬੱਚਿਆਂ ਦੀ ਗੈਰ-ਹਾਜ਼ਰੀ ’ਤੇ ਮਾਪਿਆਂ ਨੂੰ ਤੁਰੰਤ ਮਿਲੇਗਾ ਮੋਬਾਈਲ ਅਲਰਟ
ਚੰਡੀਗੜ੍ਹ 31 ਮਾਰਚ : ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲ ਰਹੀਆਂ ਵੱਖ-ਵੱਖ ਜਮਾਤਾਂ ਦਾ ਨਵਾਂ ਵਿਦਿਅਕ ਸੈਸ਼ਨ ਇਕ ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਨਵੇਂ ਸੈਸ਼ਨ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਪ੍ਰਣਾਲੀ ’ਚ ਵੱਡੇ ਬਦਲਾਅ ਕੀਤੇ ਗਏ ਹਨ ਤਾਂ ਜੋ ਸਕੂਲਾਂ ’ਚ ਨਿਯਮਿਤਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਨਵੇਂ ਨਿਯਮਾਂ ਅਨੁਸਾਰ, ਹੁਣ ਅਧਿਆਪਕਾਂ ਨੂੰ ਸਕੂਲ ਪਹੁੰਚਣ ਤੋਂ ਬਾਅਦ ਆਪਣੇ ਮੋਬਾਈਲ ਫ਼ੋਨ ਰਾਹੀਂ ਆਨਲਾਈਨ ਪੋਰਟਲ ’ਤੇ ਹਾਜ਼ਰੀ ਲਗਾਉਣੀ ਲਾਜ਼ਮੀ ਹੋਵੇਗੀ। ਪੋਰਟਲ ਨੂੰ ਤਕਨੀਕੀ ਤੌਰ ’ਤੇ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਸਕੂਲ ਦੀ ਹੱਦ ਤੋਂ ਬਾਹਰ ਲੱਗੀ ਹਾਜ਼ਰੀ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸ ਨਾਲ ਅਧਿਆਪਕਾਂ ਦੀ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਦੇ ਨਾਲ ਹੀ, ਵਿਦਿਆਰਥੀਆਂ ਦੀ ਹਾਜ਼ਰੀ ਵੀ ਹੁਣ ‘ਈ-ਪੰਜਾਬ ਪੋਰਟਲ’ (MIS 2.0) ’ਤੇ ਦਰਜ ਕੀਤੀ ਜਾਵੇਗੀ। ਸਕੂਲ ਮੁਖੀਆਂ ਲਈ ਸਕੂਲ ਖੁੱਲ੍ਹਣ ਦੇ ਦੋ ਘੰਟਿਆਂ ਦੇ ਅੰਦਰ ਵਿਦਿਆਰਥੀਆਂ ਦੀ ਹਾਜ਼ਰੀ ਅਪਡੇਟ ਕਰਨੀ ਲਾਜ਼ਮੀ ਹੋਵੇਗੀ। ਜੇਕਰ ਕੋਈ ਵਿਦਿਆਰਥੀ ਗੈਰ-ਹਾਜ਼ਰ ਹੁੰਦਾ ਹੈ, ਤਾਂ ਉਸ ਦੇ ਮਾਪਿਆਂ ਨੂੰ ਤੁਰੰਤ ਐੱਸ.ਐੱਮ.ਐੱਸ. (SMS) ਅਲਰਟ ਰਾਹੀਂ ਜਾਣਕਾਰੀ ਮਿਲੇਗੀ।
ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਇਸ ਨਵੇਂ ਸਿਸਟਮ ਨਾਲ ਜਿੱਥੇ ਅਧਿਆਪਕਾਂ ਦੀ ਜਵਾਬਦੇਹੀ ਵਧੇਗੀ, ਉੱਥੇ ਹੀ ਮਾਪੇ ਵੀ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਸਕੂਲ ਹਾਜ਼ਰੀ ਪ੍ਰਤੀ ਵਧੇਰੇ ਜਾਗਰੂਕ ਹੋਣਗੇ। ਜ਼ਿਲਾ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਹਾਲਾਂਕਿ ਪੋਰਟਲ ਅਪਡੇਸ਼ਨ ਮੋਡ ’ਚ ਹੈ, ਪਰ ਪਹਿਲੀ ਅਪ੍ਰੈਲ ਤੋਂ ਇਸ ਦੇ ਮੁਕੰਮਲ ਰੂਪ ’ਚ ਕਾਰਜਸ਼ੀਲ ਹੋਣ ਦੀ ਪੂਰੀ ਸੰਭਾਵਨਾ ਹੈ।
Read More : ਪੰਜਾਬ ’ਚ ਹੁਣ ਵਿਕਸਤ ਦੇਸ਼ਾਂ ਵਾਂਗ 6 ਮਿੰਟਾਂ ’ਚ ਮਿਲੇਗੀ ਪੁਲਸ ਸਹਾਇਤਾ : ਭਗਵੰਤ ਮਾਨ
