ਹਮਲਾਵਰ ਮੌਕੇ ਤੋਂ ਫ਼ਰਾਰ
ਲੁਧਿਆਣਾ, 2 ਅਕਤੂਬਰ : ਜ਼ਿਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਰਾਮ ਨਗਰ ਇਲਾਕੇ ਵਿਚ ਰਹਿਣ ਵਾਲੇ ਨੌਜਵਾਨ ਦੀ ਉਸਦੇ ਗੁਆਂਢ ਵਿਚ ਰਹਿਣ ਵਾਲੇ ਵਿਅਕਤੀ ਨੇ ਵੀਰਵਾਰ ਸ਼ਾਮ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤਾ, ਜਿਸਦੀ ਪਛਾਣ ਹਿਮਾਂਸ਼ੂ ਉਮਰ ਕਰੀਬ 19 ਸਾਲ ਦੇ ਰੂਪ ਵਿੱਚ ਹੋਈ ਹੈ।
ਹਿਮਾਂਸ਼ੂ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਜ਼ਿਲਾ ਆਜਮਗੜ ਦਾ ਰਹਿਣ ਵਾਲਾ ਸੀ ਅਤੇ ਰਾਮ ਨਗਰ ਵਿਚ ਆਪਣੇ ਭਰਾ ਅਤੇ ਭਾਬੀ ਨਾਲ ਰਹਿ ਰਿਹਾ ਸੀ। ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਜਮਾਲਪੁਰ ਦੇ ਮੁੱਖ ਅਫਸਰ ਅਤੇ ਏਸੀਪੀ ਪੁਲਿਸ ਦੀਆਂ ਟੀਮਾਂ ਲੈ ਕੇ ਮੌਕੇ ਦੀ ਪੜਤਾਲ ਕਰਨ ਪੁੱਜ ਗਏ ਹਨ।
ਜਾਣਕਾਰੀ ਅੁਨੁਸਾਰ ਮ੍ਰਿਤਕ ਹਿਮਾਂਸ਼ੂ ਦੀ ਭਰਜਾਈ ਪੂਨਮ ਰਾਣੀ ਮੁਤਾਬਕ ਉਸਦਾ ਪਤੀ ਰਿਤੇਸ਼ ਰਾਮ ਨਗਰ ਇਲਾਕੇ ਵਿਚ ਸੈਲੂਨ ਚਲਾਉਂਦਾ ਹੈ। ਉਸ ਦਾ ਦਿਓਰ ਹਿਮਾਂਸ਼ੂ ਵੀ ਉਨ੍ਹਾਂ ਨਾਲ ਹੀ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ ਅਤੇ ਭਰਾ ਕੋਲ ਸੈਲੂਨ ‘ਤੇ ਚਲਾ ਜਾਂਦਾ ਸੀ। ਵੀਰਵਾਰ ਕਰੀਬ ਸਵਾ ਚਾਰ ਵਜੇ ਹਿਮਾਂਸ਼ੂ ਆਪਣੇ ਭਰਾ ਕੋਲ ਸੈਲੂਨ ‘ਤੇ ਚਲਾ ਗਿਆ। ਕਰੀਬ 5 ਵਜੇ ਉਨ੍ਹਾਂ ਦਾ ਗੁਆਂਢੀ ਦੁਕਾਨ ‘ਤੇ ਆਇਆ ਅਤੇ ਆਉਂਦੇ ਹੀ ਹਿਮਾਂਸ਼ੂ ਅਤੇ ਵੱਡੇ ਭਰਾ ਰਿਤੇਸ਼ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਕਰਨ ਲੱਗਾ।
ਗਾਲੀ ਗਲੋਚ ਕਰਨ ਮਗਰੋਂ ਉਹ ਆਪਣੇ ਘਰ ਗਿਆ ਤੇ ਘਰੋਂ ਰਿਵਾਲਵਰ ਲਿਆ ਕੇ ਹਿਮਾਂਸ਼ੂ ਦੇ ਮੱਥੇ ਵਿਚ ਗੋਲ਼ੀ ਦਾਗ ਦਿੱਤੀ। ਪੂਨਮ ਰਾਣੀ ਮੁਤਾਬਿਕ ਵਾਰਦਾਤ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਹਥਿਆਰ ਲਹਿਰਾ ਕੇ ਆਲੇ ਦੁਆਲੇ ਲੋਕਾਂ ਨੂੰ ਮੂੰਹ ਬੰਦ ਰੱਖਣ ਲਈ ਧਮਕਾਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਜਾਰੀ- ਏਸੀਪੀ ਜਗਦੀਪ ਸਿੰਘ
ਏਸੀਪੀ ਜਗਦੀਪ ਸਿੰਘ ਮੁਤਾਬਕ ਹਿਮਾਂਸ਼ੂ ਉੱਪਰ ਗੋਲ਼ੀ ਚਲਾਉਣ ਵਾਲਾ ਮੁਲਜ਼ਮ ਅਜੇ ਫਰਾਰ ਹੈ। ਮੁਲਜ਼ਮ ਦੀ ਗ੍ਰਿਫਤਾਰੀ ਲਈ ਵਾਰਦਾਤ ਵਾਲੀ ਥਾਂ ਤੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਉਸਦੇ ਫਰਾਰ ਹੋਣ ਵਾਲੇ ਰੂਟ ‘ਤੇ ਪੁਲਿਸ ਪਾਰਟੀਆਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।।
ਪੜਤਾਲ ਦੌਰਾਨ ਪੁਲਿਸ ਹੱਥ ਅਹਿਮ ਸੁਰਾਗ ਲੱਗੇ ਹਨ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਹਲਾਂਕਿ ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਨੇ ਅਧਿਕਾਰਿਤ ਤੌਰ ‘ਤੇ ਮੁਲਜ਼ਮ ਦਾ ਨਾਮ ਉਜਾਗਰ ਨਹੀਂ ਕੀਤਾ।
Read More : ਨਵਜੋਤ ਕੌਰ ਸਿੱਧੂ ਨੇ ਵਿਧਾਨ ਸਭਾ ਚੋਣ ਲੜਨ ਦਾ ਕੀਤਾ ਐਲਾਨ