ਹੁਸ਼ਿਆਰਪੁਰ, 20 ਦਸੰਬਰ : ਜ਼ਿਲਾ ਹੁਸ਼ਿਆਰਪੁਰ ਵਿਚ ਮੁਹੱਲਾ ਕਮਾਲਪੁਰ ਵਿਚ ਇਕ 33 ਸਾਲਾ ਨੌਜਵਾਨ ਅਜੈ ਕੁਮਾਰ ਦਾ ਕਤਲ ਕਰ ਦਿੱਤਾ ਗਿਆ। ਉਸਦੇ ਪਰਿਵਾਰ ਅਨੁਸਾਰ ਉਸਦੇ ਸਿਰ ’ਤੇ ਦਾਤਰ ਅਤੇ ਤਲਵਾਰਾਂ ਨਾਲ ਹਮਲਾ ਕੀਤਾ ਅਤੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਹਸਪਤਾਲ ਵਿਚ ਉਸਦੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਕਿਸੇ ਦੀ ਘਰੇਲੂ ਲੜਾਈ ਹੋਈ ਸੀ। ਅਜੈ ਲੜਾਈ ਰੁਕਵਾਉਣ ਲਈ ਗਿਆ ਸੀ। ਇਸ ਦੌਰਾਨ ਉਕਤ ਲੋਕਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਜਾਣਿਆ-ਪਛਾਣਿਆ ਪਰਿਵਾਰ ਲੜ ਰਿਹਾ ਸੀ ਅਤੇ ਜਦੋਂ ਉਸਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਦਖਲ ਦੇਣ ਗਿਆ। ਝਗੜੇ ਦੌਰਾਨ ਉਨ੍ਹਾਂ ਨੇ ਅਜੈ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਪੁਲਸ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ, ਓਦੋਂ ਤੱਕ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਅਜੈ ਦੇ ਪਿਤਾ ਅੰਮ੍ਰਿਤ ਲਾਲ ਨੇ ਦੱਸਿਆ ਕਿ ਮੁਹੱਲਾ ਨਿਵਾਸੀ ਕਰਮਵੀਰ ਬਾਲੀ ਦਾ ਜਵਾਈ ਵਿਨੈ ਉਨ੍ਹਾਂ ਦੇ ਬੇਟੇ ਅਜੈ ਨੂੰ ਘਰੋਂ ਬੁਲਾ ਕੇ ਗੱਡੀ ਵਿਚ ਲੈ ਕੇ ਗਿਆ ਸੀ ਕਿ ਉਸਦੀ ਸੱਸ ਦਾ ਉਸਦੇ ਸਾਲੇ ਨਾਲ ਝਗੜਾ ਹੋ ਗਿਆ ਹੈ। ਉਹ ਅੱਗੇ ਵੀ ਫੈਸਲਾ ਕਰਵਾਉਣ ਲਈ ਜਾਂਦਾ ਹੈ ਪਰ ਉੱਥੇ ਉਸ ’ਤੇ ਹਮਲਾ ਕਰ ਦਿੱਤਾ ਗਿਆ। ਉਸ ਸਮੇਂ ਉਹ ਘਰ ਵਿਚ ਹੀ ਸਨ ਪਰ ਜਦੋਂ ਉਸਨੇ ਗਲੀ ਵਿਚ ਅਜੈ ਨੂੰ ਕੁੱਟਣ ਦਾ ਰੌਲਾ ਸੁਣਿਆ ਤਾਂ ਉਹ ਬਾਹਰ ਆ ਗਿਆ।
ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਇਸ ਮਾਮਲੇ ਵਿਚ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਪਰ ਅਜੇ ਤੱਕ ਮੁੱਖ ਮੁਲਜ਼ਮ ਨਿਤਿਨ ਬਾਲੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਨਾ ਹੀ ਉਸਦੇ ਚਾਰ-ਪੰਜ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਸਾਰਾ ਕੁਝ ਮੀਨਾ ਬਾਲੀ ਦੀ ਸ਼ਹਿ ’ਤੇ ਕੀਤਾ ਗਿਆ ਹੈ।
Read More : ਸਰਕਾਰ ਬਿਹਤਰ ਸੜਕੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ : ਈ.ਟੀ.ਓ.
