Dr.-Balbir-Singh

‘ਮੁੱਖ ਮੰਤਰੀ ਸਿਹਤ ਯੋਜਨਾ’ ਗੁਰਦਾ ਰੋਗੀਆਂ ਲਈ ਬਣੀ ਵਰਦਾਨ; 1 ਲੱਖ ਡਾਇਲਿਸਿਸ ਸੈਸ਼ਨਾਂ ਰਾਹੀਂ ਦਿੱਤੀ ਵੱਡੀ ਰਾਹਤ

ਹੁਣ ਤੱਕ 16.5 ਕਰੋੜ ਰੁਪਏ ਕੀਤੇ ਖ਼ਰਚ; ਆਰਥਿਕ ਤੰਗੀ ਕਾਰਨ ਕੋਈ ਵੀ ਮਰੀਜ਼ ਇਲਾਜ ਤੋਂ ਨਹੀਂ ਰਹੇਗਾ ਵਾਂਝਾ ਸਿਹਤ ਮੰਤਰੀ ਡਾ. ਬਲਬੀਰ ਸਿੰਘ

ਚੰਡੀਗੜ੍ਹ, 2 ਮਈ : ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਗੰਭੀਰ ਗੁਰਦਾ ਰੋਗਾਂ (Chronic Kidney Disease) ਨਾਲ ਜੂਝ ਰਹੇ ਮਰੀਜ਼ਾਂ ਲਈ ਜੀਵਨ-ਰੱਖਿਅਕ ਸਾਬਤ ਹੋ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਯੋਜਨਾ ਅਧੀਨ ਹੁਣ ਤੱਕ ਲਗਭਗ 1 ਲੱਖ ਡਾਇਲਿਸਿਸ ਪ੍ਰਕਿਰਿਆਵਾਂ ਸਫ਼ਲਤਾਪੂਰਵਕ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ‘ਤੇ ਸਰਕਾਰ ਨੇ ਕਰੀਬ 16.5 ਕਰੋੜ ਰੁਪਏ ਖ਼ਰਚ ਕੀਤੇ ਹਨ। ਭਾਰਤ ਵਿੱਚ ਤੇਜ਼ੀ ਨਾਲ ਵਧ ਰਹੇ ਗੁਰਦਾ ਰੋਗਾਂ ਦੇ ਮਾਮਲਿਆਂ ਦਰਮਿਆਨ ਇਹ ਕੈਸ਼ਲੈੱਸ ਸਹੂਲਤ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਲਈ ਵੱਡੀ ਰਾਹਤ ਲੈ ਕੇ ਆਈ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ, “ਸਾਡਾ ਮੁੱਖ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਪੈਸੇ ਦੀ ਕਮੀ ਕਿਸੇ ਵੀ ਮਰੀਜ਼ ਦੇ ਇਲਾਜ ਵਿੱਚ ਰੁਕਾਵਟ ਨਾ ਬਣੇ। 1 ਲੱਖ ਮੁਫ਼ਤ ਡਾਇਲਿਸਿਸ ਸੈਸ਼ਨ ਇਸ ਗੱਲ ਦਾ ਪ੍ਰਮਾਣ ਹਨ ਕਿ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।”

ਲੁਧਿਆਣਾ ਦੇ ਰਹਿਣ ਵਾਲੇ ਧਿਆਨ ਸਿੰਘ, ਜੋ ਹਫ਼ਤੇ ਵਿੱਚ ਦੋ ਵਾਰ ਡਾਇਲਿਸਿਸ ਕਰਵਾਉਂਦੇ ਹਨ, ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਪਹਿਲਾਂ ਇਲਾਜ ਦਾ ਖ਼ਰਚ ਚੁੱਕਣਾ ਬਹੁਤ ਮੁਸ਼ਕਿਲ ਸੀ। ਪਰ ‘ਸਿਹਤ ਕਾਰਡ’ ਬਣਨ ਤੋਂ ਬਾਅਦ ਸਿਮਰਿਤਾ ਨਰਸਿੰਗ ਹੋਮ ਵਿੱਚ ਉਨ੍ਹਾਂ ਦਾ ਇਲਾਜ ਬਿਲਕੁਲ ਮੁਫ਼ਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ ਦਰਜਨ ਤੋਂ ਵੱਧ ਵਾਰ ਇਸ ਕੈਸ਼ਲੈੱਸ ਸਹੂਲਤ ਦਾ ਲਾਭ ਲੈ ਚੁੱਕੇ ਹਨ।

ਮੋਗਾ ਦੇ ਦਿੱਲੀ ਹਾਰਟ ਐਂਡ ਮਲਟੀਸਪੈਸ਼ਲਟੀ ਹਸਪਤਾਲ ਦੇ ਨੇਫਰੋਲੋਜਿਸਟ ਡਾ. ਸੌਰਵ ਗੋਇਲ ਅਨੁਸਾਰ, ਡਾਇਲਿਸਿਸ ਕੋਈ ਇਲਾਜ ਨਹੀਂ ਸਗੋਂ ਜੀਵਨ ਜਾਰੀ ਰੱਖਣ ਦੀ ਇੱਕ ਪ੍ਰਕਿਰਿਆ ਹੈ। ਜੇਕਰ ਮਰੀਜ਼ ਆਰਥਿਕ ਤੰਗੀ ਕਾਰਨ ਇੱਕ ਵੀ ਸੈਸ਼ਨ ਛੱਡਦਾ ਹੈ, ਤਾਂ ਸਰੀਰ ਵਿੱਚ ਜ਼ਹਿਰੀਲੇ ਤੱਤ ਇਕੱਠੇ ਹੋ ਕੇ ਜਾਨਲੇਵਾ ਸਾਬਤ ਹੋ ਸਕਦੇ ਹਨ।

ਡਾ. ਗੋਇਲ ਨੇ ਦੱਸਿਆ ਕਿ ਸਰਕਾਰੀ ਯੋਜਨਾ ਕਾਰਨ ਹੁਣ ਮਰੀਜ਼ ਇਲਾਜ ਅਧੂਰਾ ਨਹੀਂ ਛੱਡ ਰਹੇ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਭਾਰਤ ਵਿੱਚ ਡਾਇਬਟੀਜ਼ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਗੁਰਦਾ ਰੋਗ ਵਧ ਰਹੇ ਹਨ, ਜਿਸ ਲਈ ਸਮੇਂ ਸਿਰ ਪਛਾਣ ਹੋਣੀ ਬਹੁਤ ਜ਼ਰੂਰੀ ਹੈ।

ਆਮ ਤੌਰ ‘ਤੇ ਨਿੱਜੀ ਹਸਪਤਾਲਾਂ ਵਿੱਚ ਇੱਕ ਡਾਇਲਿਸਿਸ ਸੈਸ਼ਨ ਦੀ ਲਾਗਤ 1,500 ਤੋਂ 4,000 ਰੁਪਏ ਤੱਕ ਹੁੰਦੀ ਹੈ, ਜਿਸ ਨਾਲ ਸਾਲਾਨਾ ਖ਼ਰਚ ਲੱਖਾਂ ਵਿੱਚ ਪਹੁੰਚ ਜਾਂਦਾ ਹੈ। ‘ਮੁੱਖ ਮੰਤਰੀ ਸਿਹਤ ਯੋਜਨਾ’ ਅਧੀਨ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਇਹ ਸੇਵਾ ਮੁਫ਼ਤ ਮਿਲਣ ਨਾਲ ਪਰਿਵਾਰਾਂ ਨੂੰ ਕਰਜ਼ੇ ਦੀ ਦਲਦਲ ਵਿੱਚ ਫਸਣ ਤੋਂ ਬਚਾਇਆ ਜਾ ਰਿਹਾ ਹੈ।

ਇਹ ਯੋਜਨਾ ਨਾ ਸਿਰਫ਼ ਮਰੀਜ਼ਾਂ ਦੀ ਜੇਬ ‘ਤੇ ਬੋਝ ਘਟਾ ਰਹੀ ਹੈ, ਸਗੋਂ ਉਨ੍ਹਾਂ ਨੂੰ ਇੱਕ ਮਿਆਰੀ ਅਤੇ ਸਨਮਾਨਜਨਕ ਜੀਵਨ ਜਿਊਣ ਦੀ ਉਮੀਦ ਵੀ ਪ੍ਰਦਾਨ ਕਰ ਰਹੀ ਹੈ।

Read More : ਹਿਮਾਚਲ ਵਿਚ ਭਾਰੀ ਗੜੇਮਾਰੀ ਨੇ ਤਬਾਹ ਕੀਤੇ ਸੇਬਾਂ ਦੇ ਬਾਗ; ਲੱਖਾਂ ਦਾ ਨੁਕਸਾਨ

Leave a Reply

Your email address will not be published. Required fields are marked *