Pakka Kalan news

ਭਿਆਨਕ ਸੜਕ ਹਾਦਸੇ ਵਿਚ ਮਾਂ-ਪੁੱਤ ਤੇ 5 ਮਹੀਨੇ ਦੇ ਬੱਚੇ ਦੀ ਮੌਤ

ਧੀ ਦੇ ਸਹੁਰੇ ਘਰ ਪ੍ਰੋਗਰਾਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ

ਬਠਿੰਡਾ/ਫਤਿਹਾਬਾਦ, 30 ਮਾਰਚ : ਜ਼ਿਲਾ ਬਠਿੰਡਾ ਦੇ ਪਿੰਡ ਪੱਕਾ ਕਲਾਂ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਦੇ ਫਤਿਹਾਬਾਦ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੀ ਧੀ ਗੰਭੀਰ ਜ਼ਖ਼ਮੀ ਹੈ।

ਇਸ ਹਾਦਸੇ ਵਿਚ ਮ੍ਰਿਤਕਾਂ ਦੀ ਪਛਾਣ ਅਮਰ (22) ਪੁੱਤਰ ਰਾਜਿੰਦਰ ਕੁਮਾਰ, ਉਸ ਦੀ ਮਾਂ ਨਿਰਮਲਾ ਦੇਵੀ (50) ਅਤੇ ਇਕ ਪੰਜ ਮਹੀਨੇ ਦੇ ਮਾਸੂਮ ਬੱਚੇ ਵਜੋਂ ਹੋਈ ਹੈ। ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਈ ਅਮਰ ਦੀ ਭੈਣ ਦਾ ਹਰਿਆਣਾ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਪਰਿਵਾਰ ਹਰਿਆਣਾ ਵਿਚ ਆਪਣੀ ਧੀ ਦੇ ਸਹੁਰੇ ਘਰ ਇਕ ਨਵਜੰਮੇ ਬੱਚੇ ਦੇ ਜਨਮ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਰੱਖੇ ਸਮਾਗਮ ਵਿਚ ਸ਼ਾਮਲ ਹੋਣ ਗਿਆ ਸੀ।

ਜਦੋਂ ਉਹ ਸਮਾਗਮ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ ਤਾਂ ਫਤਿਹਾਬਾਦ ਨੇੜੇ ਸਾਹਮਣੇ ਤੋਂ ਆ ਰਹੇ ਇੱਕ ਟੈਂਪੋ ਟਰੈਵਲਰ ਨਾਲ ਉਨ੍ਹਾਂ ਦੀ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮਾਂ, ਪੁੱਤਰ ਅਤੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਦੀ ਖ਼ਬਰ ਮਿਲਦੇ ਹੀ ਪਿੰਡ ਪੱਕਾ ਕਲਾਂ ਵਿਚ ਮਾਤਮ ਛਾ ਗਿਆ ਹੈ।

Read More : 5 ਪੈਸੇ ਦਾ ਇਲਜ਼ਾਮ ਅਤੇ 40 ਸਾਲ ਦੀ ਕਾਨੂੰਨੀ ਜੰਗ

Leave a Reply

Your email address will not be published. Required fields are marked *