ਲੁਧਿਆਣਾ

ਲੁਧਿਆਣਾ ਦੇ ਦਰਜਨ ਤੋਂ ਵੱਧ ਸਕੂਲਾਂ ਅਤੇ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਈ-ਮੇਲ ਰਾਹੀਂ ਦਿੱਤੀ ਗਈ ਧਮਕੀ ਤੋਂ ਬਾਅਦ ਮਾਪਿਆਂ ’ਚ ਦਹਿਸ਼ਤ; ਪੁਲਸ ਵੱਲੋਂ ਸਕੂਲਾਂ ਤੇ ਰੇਲਵੇ ਸਟੇਸ਼ਨ ਦੀ ਸਖ਼ਤ ਚੈਕਿੰਗ

ਲੁਧਿਆਣਾ, 10 ਮਾਰਚ : ਮਾਰਚ ਮਹੀਨੇ ’ਚ ਚੱਲ ਰਹੀਆਂ ਬੋਰਡ ਅਤੇ ਸਕੂਲਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚਾਲੇ ਮੰਗਲਵਾਰ ਸਵੇਰੇ ਲੁਧਿਆਣਾ ’ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸ਼ਹਿਰ ਦੇ ਇਕ ਦਰਜਨ ਤੋਂ ਵੱਧ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀ ਭਰੀਆਂ ਈ-ਮੇਲ ਵੱਖ-ਵੱਖ ਸਮੇਂ ’ਤੇ ਸਕੂਲਾਂ ਦੀਆਂ ਅਧਿਕਾਰਤ ਆਈ.ਡੀਜ਼ ’ਤੇ ਪਹੁੰਚੀਆਂ, ਜਿਸ ਕਾਰਨ ਮਾਪਿਆਂ ’ਚ ਭਾਰੀ ਚਿੰਤਾ ਅਤੇ ਦਹਿਸ਼ਤ ਪਾਈ ਜਾ ਰਹੀ ਹੈ।

ਈ-ਮੇਲ ’ਚ ਮੁਲਜ਼ਮ ਨੇ ਦਾਅਵਾ ਕੀਤਾ ਕਿ ਸਕੂਲ ਦੀਆਂ ਇਮਾਰਤਾਂ ਨੂੰ ਦੁਪਹਿਰ 1 ਵੱਜ ਕੇ 11 ਮਿੰਟ ’ਤੇ ਉਡਾ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਦੁਪਹਿਰ 3 ਵੱਜ ਕੇ 11 ਮਿੰਟ ’ਤੇ ਟ੍ਰੇਨ ’ਚ ਵੀ ਧਮਾਕੇ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਡੀ.ਏ.ਵੀ. ਸਕੂਲ (ਪੱਖੋਵਾਲ ਰੋਡ), ਡੀ.ਏ.ਵੀ. (ਬੀ.ਆਰ.ਐੱਸ. ਨਗਰ) ਅਤੇ ਡੀ.ਪੀ.ਐੱਸ. ਵਰਗੇ ਨਾਮੀ ਸਕੂਲਾਂ ਨੂੰ ਸਵੇਰੇ 6:56 ਵਜੇ ਇਹ ਈ-ਮੇਲ ਪ੍ਰਾਪਤ ਹੋਈ। ਪ੍ਰਿੰਸੀਪਲਾਂ ਵੱਲੋਂ ਸੂਚਿਤ ਕਰਨ ’ਤੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ’ਚ ਪੁਲਸ ਟੀਮਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਰਚ ਆਪ੍ਰੇਸ਼ਨ ਚਲਾਇਆ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਨਹੀਂ ਮਿਲਿਆ ਹੈ ਅਤੇ ਇਹ ਸਭ ਝੂਠੀਆਂ ਅਫ਼ਵਾਹਾਂ (ਹੋਕਸ ਕਾਲ) ਸਾਬਤ ਹੋਈਆਂ ਹਨ। ਈ-ਮੇਲ ਭੇਜਣ ਵਾਲੇ ਨੇ ਪ੍ਰਵਾਸੀਆਂ ਨੂੰ 13 ਅਪ੍ਰੈਲ ਤੱਕ ਪੰਜਾਬ ਛੱਡਣ ਦੀ ਚਿਤਾਵਨੀ ਦਿੱਤੀ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵੀ ਇਤਰਾਜ਼ਯੋਗ ਜ਼ਿਕਰ ਕੀਤਾ ਸੀ।

ਈ-ਮੇਲ ਦੇ ਅਖ਼ੀਰ ’ਚ ਭੇਜਣ ਵਾਲਿਆਂ ਨੇ ਆਪਣੇ ਨਾਂ ਇੰਜੀ. ਗੁਰਾਨਖ ਸਿੰਘ ਅਤੇ ਡਾ. ਗੁਰਨਿਰਵੈਰ ਸਿੰਘ (ਖਾਲਿਸਤਾਨ ਨੈਸ਼ਨਲ ਆਰਮੀ) ਲਿਖੇ ਹਨ। ਪੁਲਸ ਵੱਲੋਂ ਸਾਈਬਰ ਸੈੱਲ ਦੀ ਮਦਦ ਨਾਲ ਈ-ਮੇਲ ਦੇ ਸਰੋਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Read More : ਪੰਜਾਬ ਵਿਚ 1,550 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਓਸਵਾਲ ਗਰੁੱਪ : ਸੰਜੀਵ ਅਰੋੜਾ

Leave a Reply

Your email address will not be published. Required fields are marked *