ਫੜੀ ਹੈਰੋਇਨ ਦੀ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ
ਫਿਰੋਜ਼ਪੁਰ, 28 ਅਗਸਤ :-ਪੰਜਾਬ ’ਚ ਚੱਲ ਰਹੀ ਹੜ੍ਹ ਦੀ ਸਥਿਤੀ ’ਚ ਸਮੱਗਲਰ ਵੱਡੇ ਪੱਧਰ ’ਤੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਲਈ ਯਤਨਸ਼ੀਲ ਹੋ ਸਕਦੇ ਹਨ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਫਿਰੋਜ਼ਪੁਰ ਭਾਰਤ-ਪਾਕਿਸਤਾਨ ਬਾਰਡਰ ’ਤੇ ਬੀ. ਐੱਸ. ਐੱਫ. ਨੇ ਇਕ ਹੈਕਸਾਕਾਪਟਰ ਸਮੇਤ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੇ ਗਏ ਹੈਰੋਇਨ ਦੇ 12 ਛੋਟੇ ਪੈਕੇਟ ਬਰਾਮਦ ਕੀਤੇ ਹਨ, ਜਿਨ੍ਹਾਂ ਦਾ ਕੁੱਲ ਭਾਰ 6 ਕਿਲੋ 86 ਗ੍ਰਾਮ ਹੈ।
ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਫਿਰੋਜ਼ਪੁਰ ਸਰਹੱਦ ’ਤੇ ਬੀ. ਐੱਸ. ਐੱਫ. ਜਵਾਨਾਂ ਨੇ ਪੰਜਾਬ ਪੁਲਸ ਦੀ ਮਦਦ ਨਾਲ ਇਕ ਤਲਾਸ਼ੀ ਮੁਹਿੰਮ ਚਲਾਈ ਅਤੇ ਬੀ. ਐੱਸ. ਐੱਫ. ਨੂੰ ਫਿਰੋਜ਼ਪੁਰ ਦੇ ਪਿੰਡ ਜੇ ਕੇ ਸਿੰਘ ਵਾਲਾ ਦੇ ਖੇਤਰ ’ਚ ਇਕ ਹੈਕਸਾਕਾਪਟਰ ਦੇ ਨਾਲ ਇਹ 12 ਛੋਟੇ ਪੈਕੇਟ ਹੈਰੋਇਨ ਦੇ ਮਿਲੇ।
ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਬੀ. ਐੱਸ. ਐੱਫ. ਨੇ ਫਾਜ਼ਿਲਕਾ ਦੇ ਪਿੰਡ ਚੱਕ ਵਜੀਦਾ ਦੇ ਖੇਤਰ ’ਚੋਂ ਹੈਰੋਇਨ ਦਾ ਇਕ ਪੈਕੇਟ ਬਰਾਮਦ ਕੀਤਾ, ਜਿਸ ’ਚੋਂ ਲਗਭਗ 536 ਗ੍ਰਾਮ ਹੈਰੋਇਨ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਬੀ. ਐੱਸ. ਐੱਫ. ਨੇ ਕੱਲ ਸ਼ਾਮ ਅਟਾਰੀ ਪਿੰਡ ਦੇ ਨੇੜੇ ਇਕ ਖੇਤ ’ਚੋਂ 490 ਗ੍ਰਾਮ ਹੈਰੋਇਨ ਦੇ ਇਕ ਪੈਕੇਟ ਸਮੇਤ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ।
ਬੀ. ਐੱਸ. ਐੱਫ. ਦੇ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ ਬੀ. ਐੱਸ. ਐੱਫ. ਸਰਹੱਦਾਂ ’ਤੇ ਪੂਰੀ ਤਰ੍ਹਾਂ ਚੌਕਸ ਹੈ ਅਤੇ ਸਮੱਗਲਰਾਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਪਾਕਿਸਤਾਨੀ ਅਤੇ ਭਾਰਤੀ ਸਮੱਗਲਰ ਲਗਾਤਾਰ ਬੀ. ਐੱਸ. ਐੱਫ. ਦੇ ਰਾਡਾਰ ’ਤੇ ਹਨ। ਬੀ. ਐੱਸ. ਐੱਫ. ਇਹ ਹੈਰੋਇਨ ਅਤੇ ਹੈਕਸਾਕਾਪਟਰ ਸਬੰਧਤ ਥਾਣਿਆਂ ਦੀ ਪੁਲਸ ਨੂੰ ਸੌਂਪ ਰਹੀ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ’ਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
Read More : ਲੋਕਾਂ ਦੀ ਮਦਦ ਕਰਨ ਗਿਆ ਵਿਅਕਤੀ ਪਾਣੀ ’ਚ ਡੁੱਬਿਆ