ਰੋਹਤਕ, 14 ਦਸੰਬਰ : ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਐਤਵਾਰ ਦੀ ਸਵੇਰੇ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਵਿਜ਼ੀਬਿਲਟੀ ਘੱਟ ਕੇ 10 ਮੀਟਰ ਤੱਕ ਰਹਿ ਗਈ ਹੈ। ਇਸ ਦੇ ਚੱਲਦੇ 3 ਜ਼ਿਲ੍ਹਿਆਂ ਵਿੱਚ ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 50 ਤੋਂ ਵੱਧ ਵਾਹਨ ਆਪਸ ਵਿੱਚ ਟਕਰਾ ਗਏ।
ਰੋਹਤਕ ਦੇ ਮਹਿਮ ਵਿੱਚ 152 ਡੀ ਦੇ ਕੱਟ ’ਤੇ ਇੱਕ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ, ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਕਈ ਜ਼ਖਮੀ ਹੋ ਗਏ। ਟਰੱਕ-ਕਾਰ ਦੀ ਟੱਕਰ ਤੋਂ ਬਾਅਦ ਲਗਭਗ 35-40 ਹੋਰ ਵਾਹਨ ਵੀ ਆਪਸ ਵਿੱਚ ਟਕਰਾ ਗਏ । ਕੁਝ ਵਾਹਨਾਂ ਵਿੱਚ ਅੱਗ ਵੀ ਲੱਗ ਗਈ, ਜਿਸ ਨੂੰ ਪੁਲਿਸ ਕਰਮਚਾਰੀਆਂ ਨੇ ਲੋਕਾਂ ਦੀ ਮਦਦ ਨਾਲ ਬੁਝਾਇਆ । ਕੁਝ ਵਾਹਨ ਤਾਂ ਇੱਕ ਦੂਜੇ ਵਿੱਚ ਫਸ ਗਏ ਸਨ, ਜਿਨ੍ਹਾਂ ਨੂੰ ਕੱਟ ਕੇ ਵੱਖ ਕੀਤਾ ਗਿਆ । ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਵਾਹਨਾਂ ਨੂੰ ਕੱਟ ਕੇ ਕੱਢਿਆ ਗਿਆ।
ਹਿਸਾਰ ਵਿੱਚ ਨੈਸ਼ਨਲ ਹਾਈਵੇ 52 ਤੇ ਧਿਕਤਾਨਾ ਮੋੜ ਤੇ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ਦੂਜੇ ਵਾਹਨਾਂ ਨਾਲ ਟਕਰਾ ਗਈਆਂ । ਕੈਥਲ ਰੋਡਵੇਜ਼ ਡਿਪੋ ਦੀ ਸਵਾਰੀਆਂ ਨਾਲ ਭਰੀ ਬੱਸ ਡੰਪਰ ਨਾਲ ਟਕਰਾ ਗਈ। ਪਿੱਛੇ ਆ ਰਹੀ ਇੱਕ ਬੱਸ ਦੀ ਆਲਟੋ ਕਾਰ ਨਾਲ ਟੱਕਰ ਹੋ ਗਈ । ਇੱਕ ਬਾਈਕ ਸਵਾਰ ਨੌਜਵਾਨ ਵੀ ਲਪੇਟ ਵਿੱਚ ਆ ਗਿਆ । ਕੁੱਲ ਪੰਜ ਵਾਹਨ ਆਪਸ ਵਿੱਚ ਟਕਰਾ ਗਏ ।
ਇਸ ਹਾਦਸੇ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਬਚ ਗਈ, ਜਦਕਿ ਖੇੜੀ ਬਰਕੀ ਨਿਵਾਸੀ ਮੋਟਰਸਾਈਕਲ ਸਵਾਰ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ ਝੱਜਰ-ਰੇਵਾੜੀ ਰੋਡ ਸਥਿਤ ਕੁਲਾਨਾ ਚੌਕ ਦੇ ਨੇੜੇ ਵੀ ਦੋ ਬੱਸਾਂ ਆਪਸ ਵਿੱਚ ਟਕਰਾ ਗਈਆਂ। ਇਸ ਵਿੱਚ ਕਈ ਯਾਤਰੀਆਂ ਨੂੰ ਸੱਟਾਂ ਲੱਗੀਆਂ, ਜਦਕਿ ਇੱਕ ਬੱਸ ਦਾ ਡਰਾਇਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਨਾਲ ਹੀ, ਚਰਖੀਦਾਦਰੀ ਵਿੱਚ ਵੀ ਕਈ ਵਾਹਨ ਟਕਰਾ ਗਏ । ਭਿਵਾਨੀ ਵਿੱਚ ਹਾਂਸੀ ਰੋਡ ’ਤੇ ਧੁੰਦ ਕਾਰਨ 4 ਵਾਹਨ ਟਕਰਾ ਗਏ। ਉਧਰ, ਧੁੰਦ ਕਾਰਨ ਹਿਸਾਰ-ਦਿੱਲੀ ਫਲਾਈਟ ਰੱਦ ਹੋ ਗਈ ਹੈ।
Read More : ਡਰੱਗ ਸਪਲਾਈ ਮਾਡਿਊਲ ਦੇ 4 ਕਾਰਕੁਨ ਗ੍ਰਿਫਤਾਰ
