ਅਕਸ਼ੇ ਸ਼ਰਮਾ ਨੇ 45 ਫ੍ਰੀ ਬੱਸਾਂ ਦੇ ਜਥੇ ਨੂੰ ਕੀਤਾ ਰਵਾਨਾ
ਅੰਮ੍ਰਿਤਸਰ, 20 ਦਸੰਬਰ : ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਫ੍ਰੀ ਬੱਸ ਸੇਵਾ ਦੀ ਅੱਜ ਹਲਕਾ ਉੱਤਰੀ ਤੋਂ ਸ਼ੁਰੂਆਤ ਭਾਜਪਾ ਨੇਤਾ ਅਤੇ ਸੇਵਾਦਾਰ ਅਕਸ਼ੈ ਸ਼ਰਮਾ ਵੱਲੋਂ ਕੀਤ ਗਈ। ਇਸ ਇਤਿਹਾਸਕ ਅਤੇ ਭਾਵੁਕ ਮੌਕੇ ਅਕਸ਼ੈ ਸ਼ਰਮਾ ਨੇ ਝੰਡੀ ਵਿਖਾ ਕੇ ਪਹਿਲੇ ਜਥੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਵੱਲ ਰਵਾਨਾ ਕੀਤਾ।
ਇਹ ਵਿਸ਼ੇਸ਼ ਸੇਵਾ ਅੱਜ ਤੋਂ 27 ਦਸੰਬਰ ਤੱਕ ਲਗਾਤਾਰ ਜਾਰੀ ਰਹੇਗੀ, ਜਿਸ ਤਹਿਤ ਹਰ ਰੋਜ਼ ਵੱਖ-ਵੱਖ ਜਥੇ ਸ਼ਹੀਦੀ ਸਭਾ ਦੇ ਦਰਸ਼ਨਾਂ ਲਈ ਸ੍ਰੀ ਫਤਹਿਗੜ੍ਹ ਸਾਹਿਬ ਭੇਜੇ ਜਾਣਗੇ।
ਪਹਿਲੇ ਹੀ ਦਿਨ ਇਸ ਪਹਿਲ ਨੂੰ ਬੇਹੱਦ ਸਮਰਥਨ ਮਿਲਿਆ ਅਤੇ 45 ਬੱਸਾਂ ਰਾਹੀਂ ਲੱਗਭਗ 2000 ਤੋਂ ਵੱਧ ਸ਼ਰਧਾਲੂ ਸ੍ਰੀ ਫਤਹਿਗੜ੍ਹ ਸਾਹਿਬ ਲਈ ਰਵਾਨਾ ਹੋਏ। ਸੰਗਤ ਦੀ ਵੱਡੀ ਭਾਗੀਦਾਰੀ ਨੇ ਇਹ ਸਾਬਿਤ ਕਰ ਦਿੱਤਾ ਕਿ ਗੁਰੂ ਸਾਹਿਬਾਨ ਦੀ ਸ਼ਹਾਦਤ ਅੱਜ ਵੀ ਲੋਕਾਂ ਦੇ ਦਿਲਾਂ ’ਚ ਜੀਵੰਤ ਹੈ ਅਤੇ ਧਰਮ ਮਨੁੱਖ ਨੂੰ ਸੱਚਾਈ, ਹੌਸਲੇ ਅਤੇ ਬਲੀਦਾਨ ਦੇ ਰਾਹ ਨਾਲ ਜੋੜਦਾ ਹੈ।
ਇਸ ਮੌਕੇ ਅਕਸ਼ੈ ਸ਼ਰਮਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਸਿਰਫ਼ ਸਿੱਖ ਸਮਾਜ ਲਈ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਣਾ ਹੈ। ਇਹ ਸੇਵਾ ਕਿਸੇ ਧਰਮ ਜਾਂ ਵਰਗ ਨੂੰ ਦੇਖ ਕੇ ਨਹੀਂ ਸਗੋਂ ਗੁਰੂ ਸਾਹਿਬਾਨ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਭਟਕਾਅ ਤੋਂ ਦੂਰ ਰੱਖ ਕੇ ਗੁਰੂਆਂ ਵੱਲੋਂ ਦਿਖਾਏ ਸੱਚ, ਤਿਆਗ ਅਤੇ ਧਰਮ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦੇਣਾ ਹੀ ਇਸ ਸੇਵਾ ਦਾ ਮੁੱਖ ਮਕਸਦ ਹੈ। ਇਸ ਯਾਤਰਾ ਨੂੰ ਸਿਰਫ਼ ਸਫ਼ਰ ਹੀ ਨਹੀਂ ਸਗੋਂ ਇਕ ਸਿਖਿਆਤਮਕ ਅਤੇ ਪ੍ਰੇਰਣਾਦਾਇਕ ਅਨੁਭਵ ਬਣਾਇਆ ਗਿਆ ਹੈ।
ਚਾਰ ਘੰਟਿਆਂ ਦੀ ਯਾਤਰਾ ਦੌਰਾਨ ਬੱਸਾਂ ’ਚ ਚਾਰ ਸਾਹਿਬਜ਼ਾਦਿਆਂ ’ਤੇ ਆਧਾਰਿਤ ਫ਼ਿਲਮ ਵਿਖਾਈ ਜਾ ਰਹੀ ਹੈ ਅਤੇ ਇਤਿਹਾਸਕਾਰਾਂ ਵੱਲੋਂ ਉਨ੍ਹਾਂ ਦੀ ਸ਼ਹਾਦਤ ਅਤੇ ਬਲੀਦਾਨ ਦੀ ਗਾਥਾ ਵੀ ਸੁਣਾਈ ਜਾ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ, ਸਥਾਨਕ ਸੇਵਾਦਾਰ, ਸਮਾਜਸੇਵੀ ਅਤੇ ਨੌਜਵਾਨ ਹਾਜ਼ਰ ਰਹੇ, ਜਿਨ੍ਹਾਂ ਨੇ ਇਸ ਸੇਵਾ ਨੂੰ ਇਤਿਹਾਸਕ ਅਤੇ ਯਾਦਗਾਰ ਬਣਾਇਆ।
Read More : ਰਿਆਤ ਬਾਹਰਾ ਯੂਨੀਵਰਸਿਟੀ ਨੇ ‘ਜਰਮਨ ਸਿੱਖਿਆ ਪ੍ਰਣਾਲੀ ਨੂੰ ਸਮਝਣਾ’ ਵਿਸ਼ੇ ‘ਤੇ ਭਾਸ਼ਣ ਕਰਵਾਇਆ
