ਹੁਸ਼ਿਆਰਪੁਰ, 15 ਸਤੰਬਰ : -5 ਸਾਲਾ ਮਾਸੂਮ ਹਰਵੀਰ ਦੀ ਇਕ ਪ੍ਰਵਾਸੀ ਵੱਲੋਂ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦੇ ਵਿਰੋਧ ’ਚ ਲੋਕਾਂ ਦਾ ਗੁੱਸਾ ਵਧਦਾ ਹੀ ਜਾ ਰਿਹਾ ਹੈ। ਕਰੀਬ 2 ਦਰਜਨਾਂ ਤੋਂ ਵੱਧ ਪੰਚਾਇਤਾਂ ਨੇ ਪ੍ਰਵਾਸੀਆਂ ਦਾ ਬਾਈਕਾਟ ਕਰਨ ਦੇ ਮਤੇ ਪਾਸ ਕੀਤੇ ਹਨ। ਉਨ੍ਹਾਂ ਤੋਂ ਵੋਟ ਦੇ ਅਧਿਕਾਰ ਵੀ ਖੋਹੇ ਜਾ ਰਹੇ ਹਨ।
ਗ੍ਰਾਮ ਪੰਚਾਇਤਾਂ ਨੇ ਪ੍ਰਵਾਸੀਆਂ ਦਾ ਕੋਈ ਵੀ ਦਸਤਾਵੇਜ਼ੀ ਰਿਕਾਰਡ ਨਾ ਬਣਾਉਣ, ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਪ੍ਰਵਾਸੀਆਂ ਨੂੰ ਪਿੰਡ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਇੱਥੇ ਜ਼ਮੀਨ ਨਾ ਖਰੀਦਣ ਦੇਣ ਵਰਗੇ ਮੁੱਦੇ ਸ਼ਾਮਲ ਹਨ।
ਪ੍ਰਵਾਸੀ ਮਜ਼ਦੂਰ ਪਿੰਡ ਵਿਚ ਨਹੀਂ ਖਰੀਦ ਸਕਦੇ ਘਰ ਜਾਂ ਜ਼ਮੀਨ : ਗਹਿਰੀ ਭਾਗੀ ਦੀ ਪੰਚਾਇਤ
ਬਠਿੰਡਾ : ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ ਤੇ ਹੁਣ ਪਿੰਡ ਦੀਆਂ ਪੰਚਾਇਤਾਂ ਨੇ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਹਨ। ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਮਤਾ ਪਾਸ ਕੀਤਾ ਹੈ ਕਿ ਉਹ ਪਿੰਡ ਵਿਚ ਜ਼ਮੀਨ ਜਾਂ ਘਰ ਨਹੀਂ ਖਰੀਦ ਸਕਦੇ।
ਇਸ ਤੋਂ ਇਲਾਵਾ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਵਾਸੀ ਮਜ਼ਦੂਰਾਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਬਣਾਉਣੇ ਵੀ ਬੰਦ ਕੀਤੇ ਜਾਣ। ਇਹ ਵੀ ਫੈਸਲਾ ਲਿਆ ਗਿਆ ਕਿ ਪਿੰਡ ਵਿਚ ਕੰਮ ਕਰਨ ਲਈ ਆਉਣ ਵਾਲਾ ਕੋਈ ਵੀ ਪ੍ਰਵਾਸੀ ਮਜ਼ਦੂਰ ਪਿੰਡ ਦੀ ਬਜਾਏ ਖੇਤ ਦੀ ਮੋਟਰ ’ਤੇ ਰਹੇਗਾ। ਜੇਕਰ ਕੋਈ ਕਿਸਾਨ ਮਜ਼ਦੂਰ ਲਿਆਉਂਦਾ ਹੈ ਤਾਂ ਉਸ ਮਜ਼ਦੂਰ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਕਿਸਾਨ ਦੀ ਹੋਵੇਗੀ।
ਮਜ਼ਦੂਰਾਂ ਦੇ ਆਉਣ ਦੀ ਸਾਰੀ ਜਾਣਕਾਰੀ ਪੁਲਸ ਕੋਲ ਦਰਜ ਕਰਨ ਦਾ ਵੀ ਫੈਸਲਾ ਲਿਆ ਗਿਆ। ਲੋਕਾਂ ਨੂੰ ਇਸ ਫੈਸਲੇ ਬਾਰੇ ਪਿੰਡ ਦੇ ਗੁਰੂਦੁਆਰਾ ਸਾਹਿਬ ਤੋਂ ਇਕ ਸਪੀਕਰ ਰਾਹੀਂ ਜਾਣਕਾਰੀ ਦਿੱਤੀ ਗਈ। ਸਰਪੰਚ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਵਿਚ ਹਾਲਾਤ ਚੱਲ ਰਹੇ ਹਨ, ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਪਿੰਡ ਵਿਚ ਨਹੀਂ ਰਹਿਣ ਦੇਵਾਂਗੇ।
ਜੇਕਰ ਕੋਈ ਵੀ ਪਿੰਡ ਵਾਸੀ ਇਨ੍ਹਾਂ ਫੈਸਲਿਆਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁੱਧ ਸਮਾਜਿਕ ਕਾਰਵਾਈ ਕੀਤੀ ਜਾਵੇਗੀ। ਬੀਕੇਯੂ ਏਕਤਾ (ਸਿੱਧੂਪੁਰ) ਦੇ ਆਗੂ ਜਸਵੀਰ ਸਿੰਘ ਨੇ ਵੀ ਇਨ੍ਹਾਂ ਫੈਸਲਿਆਂ ਦਾ ਸਮਰਥਨ ਕੀਤਾ। ਪਿੰਡ ਵਾਸੀ ਜਗਸੀਰ ਸਿੰਘ, ਜਸਵੀਰ ਸਿੰਘ, ਜਸਵਿੰਦਰ ਕੁਮਾਰ, ਪੰਚ ਭੁਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿੰਡ ਵਾਸੀ ਇਸ ਮੌਕੇ ਮੌਜੂਦ ਸਨ।
ਕਾਨੂੰਨ ਅਤੇ ਸੰਵਿਧਾਨ ਅਜਿਹੇ ਫੈਸਲਿਆਂ ਨੂੰ ਮਾਨਤਾ ਨਹੀਂ ਦਿੰਦੇ : ਡੀ.ਸੀ.
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਲੋਕ ਆਪਣੇ ਪੱਧਰ ’ਤੇ ਅਜਿਹੇ ਫੈਸਲੇ ਲੈ ਸਕਦੇ ਹਨ ਪਰ ਕਾਨੂੰਨ ਅਤੇ ਸੰਵਿਧਾਨ ਅਜਿਹੇ ਫੈਸਲਿਆਂ ਨੂੰ ਮਾਨਤਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਸਮੂਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਅਜਿਹੇ ਇਕਪਾਸੜ ਫੈਸਲੇ ਨਹੀਂ ਲੈ ਸਕਦਾ।
Read More : ਮੋਟਰਸਾਈਕਲਾਂ ਦੀ ਟੱਕਰ ’ਚ ਸਾਬਕਾ ਸਰਪੰਚ ਸਮੇਤ 2 ਦੀ ਮੌਤ
