ਦੱਖਣੀ ਕੋਰੀਆ ਦੀ ਤਰਜ਼ ‘ਤੇ ਸਟਾਰਟ-ਅੱਪ ਹੱਬ ਹੋਵੇਗਾ ਸਥਾਪਤ; ਆਈਟੀ ਕੰਪਨੀਆਂ ਨੂੰ ਮਿਲੇਗੀ ਦੇਸ਼ ‘ਚੋਂ ਸਭ ਤੋਂ ਸਸਤੀ ਬਿਜਲੀ
ਮੋਹਾਲੀ, 14 ਮਾਰਚ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026’ ਦੇ ਪਹਿਲੇ ਦਿਨ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੋਹਾਲੀ ਇੱਕ ਗਲੋਬਲ ਤਕਨਾਲੋਜੀ ਅਤੇ ਸਟਾਰਟ-ਅੱਪ ਹੱਬ ਵਜੋਂ ਵਿਕਸਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਹੁਣ ਤੇਜ਼ੀ ਨਾਲ ਵਿਸ਼ਵ ਪੱਧਰ ‘ਤੇ “ਸਿਲੀਕਾਨ ਵੈਲੀ” ਵਜੋਂ ਆਪਣੀ ਪਛਾਣ ਬਣਾ ਰਿਹਾ ਹੈ।
ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਕਾਲਕਟ ਭਵਨ ਵਿਖੇ ਦੱਖਣੀ ਕੋਰੀਆ ਦੀ ‘ਪੈਂਗਯੋ ਟੈਕਨੋ ਵੈਲੀ’ ਦੇ ਮਾਡਲ ‘ਤੇ ਇੱਕ ਵਿਸ਼ੇਸ਼ ਸਟਾਰਟ-ਅੱਪ ਹੱਬ ਤਿਆਰ ਕਰ ਰਹੀ ਹੈ। ਉਨ੍ਹਾਂ ਨੇ ਨਵੀਂ ਉਦਯੋਗਿਕ ਨੀਤੀ ਤਹਿਤ ਆਈਟੀ ਕੰਪਨੀਆਂ ਅਤੇ ਡੇਟਾ ਸੈਂਟਰਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ। ਹੁਣ ਇਨ੍ਹਾਂ ਕੰਪਨੀਆਂ ਨੂੰ ਵਪਾਰਕ ਦਰਾਂ ਦੀ ਬਜਾਏ ਉਦਯੋਗਿਕ ਦਰਾਂ ‘ਤੇ ਬਿਜਲੀ ਮਿਲੇਗੀ, ਜੋ ਕਿ ਦੇਸ਼ ਵਿੱਚ ਸਭ ਤੋਂ ਸਸਤੀ ਹੋਵੇਗੀ।
ਸਰਕਾਰ ਵੱਲੋਂ ਆਈਟੀ ਕੰਪਨੀਆਂ ਨੂੰ ਪ੍ਰਤੀ ਕਰਮਚਾਰੀ 5,000 ਰੁਪਏ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ (ਜੀ.ਸੀ.ਸੀ.) ਲਈ 7,000 ਰੁਪਏ ਪ੍ਰਤੀ ਮਹੀਨਾ ਦੀ ਸਬਸਿਡੀ ਦਿੱਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਪੰਜਾਬੀ ਪ੍ਰਤਿਭਾ ਦਾ ਦਬਦਬਾ ਹੈ ਅਤੇ ਮੋਹਾਲੀ ਵਿੱਚ ਨਿਵੇਸ਼ ਕਰਕੇ ਕੰਪਨੀਆਂ ਨੂੰ ਸਥਾਨਕ ਪੱਧਰ ‘ਤੇ ਉੱਤਮ ਮਨੁੱਖੀ ਸਰੋਤ ਮਿਲਣਗੇ।
ਸ਼ਹਿਰ ਦੇ ਵਿਕਾਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੋਹਾਲੀ ਹੁਣ ਸਿਰਫ਼ ਕਾਰੋਬਾਰ ਲਈ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਕਾਨਫਰੰਸਾਂ ਅਤੇ ‘ਡੈਸਟੀਨੇਸ਼ਨ ਵੈਡਿੰਗਜ਼’ ਲਈ ਵੀ ਪਸੰਦੀਦਾ ਸਥਾਨ ਬਣ ਰਿਹਾ ਹੈ। ਸਿਹਤ ਖੇਤਰ ਵਿੱਚ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਲਈ 900 ਕਰੋੜ ਰੁਪਏ ਦੇ ਨਿਵੇਸ਼ ਦਾ ਜ਼ਿਕਰ ਕਰਦਿਆਂ ਉਨ੍ਹਾਂ ਨਿੱਜੀ ਖੇਤਰ ਨੂੰ ਕਿਫਾਇਤੀ ਇਲਾਜ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ।
ਮਕਾਨ ਉਸਾਰੀ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਦੇ ਵਿਸਥਾਰ ਲਈ 7,000 ਏਕੜ ਜ਼ਮੀਨ ਪ੍ਰਾਪਤ ਕਰਨ ਦੀ ਯੋਜਨਾ ਹੈ। ਪਿਛਲੇ ਸਾਲ ਮੋਹਾਲੀ ਵਿੱਚ 10,000 ਕਰੋੜ ਰੁਪਏ ਤੋਂ ਵੱਧ ਦੀ ਜ਼ਮੀਨ ਦੀ ਨਿਲਾਮੀ ਹੋਈ ਹੈ। ਸਰਕਾਰ ਦਾ ਮੁੱਖ ਟੀਚਾ ਮੋਹਾਲੀ ਨੂੰ ਏਸ਼ੀਆਈ ਨਕਸ਼ੇ ‘ਤੇ ਇੱਕ ਪ੍ਰਮੁੱਖ ਉਦਯੋਗਿਕ ਸ਼ਹਿਰ ਵਜੋਂ ਉਭਾਰਨਾ ਹੈ।
ਇਸ ਉੱਚ-ਪੱਧਰੀ ਮੀਟਿੰਗ ਵਿੱਚ ਆਈ.ਟੀ.ਸੀ. ਹੋਟਲਜ਼, ਫੋਰਟਿਸ ਹੈਲਥਕੇਅਰ ਅਤੇ ਪਲਾਕਸ਼ਾ ਯੂਨੀਵਰਸਿਟੀ ਸਮੇਤ ਕਈ ਦਿੱਗਜ ਕੰਪਨੀਆਂ ਦੇ ਮੁਖੀਆਂ ਨੇ ਵੀ ਸ਼ਿਰਕਤ ਕੀਤੀ।
Read More : ਸੋਨਮ ਵਾਂਗਚੁਕ ਦੀ ਰਿਹਾਈ ਦਾ ਫੈਸਲਾ : ਕੇਂਦਰ ਨੇ NSA ਹਟਾਇਆ
