ਰਾਜ ਸਭਾ ’ਚ ਇਨਕਮਿੰਗ ਕਾਲ ਦੀ ਸਹੂਲਤ ਜਾਰੀ ਰੱਖਣ ਦੀ ਕੀਤੀ ਮੰਗ; ਵੋਟਰ ਕਾਰਡ ਤੇ ਬੈਂਕ ਖਾਤੇ ਦੀ ਦਿੱਤੀ ਮਿਸਾਲ
ਨਵੀਂ ਦਿੱਲੀ, 11 ਮਾਰਚ : ਮੋਬਾਈਲ ਫ਼ੋਨ ਦੇ ਪ੍ਰੀ-ਪੇਡ ਪਲਾਨ ਦੀ ਮਿਆਦ ਖ਼ਤਮ ਹੋਣ ’ਤੇ ਇਨਕਮਿੰਗ ਕਾਲ ਦੀ ਸਹੂਲਤ ਬੰਦ ਹੋਣ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਚਿੰਤਾ ਪ੍ਰਗਟਾਈ ਹੈ। ਬੁੱਧਵਾਰ ਨੂੰ ਰਾਜ ਸਭਾ ’ਚ ਬੋਲਦਿਆਂ ਚੱਢਾ ਨੇ ਕਿਹਾ ਕਿ ਇਕ ਰੀਚਾਰਜ ਭੁੱਲਣ ’ਤੇ ਕਿਸੇ ਵੀ ਖਪਤਕਾਰ ਦਾ ਮੋਬਾਈਲ ਨੰਬਰ ਡਿਐਕਟੀਵੇਟ ਨਹੀਂ ਹੋਣਾ ਚਾਹੀਦਾ ਅਤੇ ਇਨਕਮਿੰਗ ਕਾਲਾਂ ਦੀ ਸਹੂਲਤ ਦੀ ਗਾਰੰਟੀ ਮਿਲਣੀ ਚਾਹੀਦੀ ਹੈ।
ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ ਚੱਢਾ ਨੇ ਦੱਸਿਆ ਕਿ ਦੇਸ਼ ਦੇ 125 ਕਰੋੜ ਮੋਬਾਈਲ ਖਪਤਕਾਰਾਂ ’ਚੋਂ ਲਗਭਗ 90 ਫ਼ੀਸਦੀ ਲੋਕ ਪ੍ਰੀ-ਪੇਡ ਪਲਾਨ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ‘ਰੀਚਾਰਜ ਵੈਲੀਡਿਟੀ’ ਸਮਾਪਤ ਹੁੰਦੀ ਹੈ, ਤਾਂ ਟੈਲੀਕਾਮ ਕੰਪਨੀਆਂ ਆਊਟਗੋਇੰਗ ਦੇ ਨਾਲ-ਨਾਲ ਇਨਕਮਿੰਗ ਕਾਲਾਂ ਵੀ ਬੰਦ ਕਰ ਦਿੰਦੀਆਂ ਹਨ, ਜੋ ਕਿ ਖਪਤਕਾਰਾਂ ਨਾਲ ਧੱਕਾ ਹੈ।
ਰਾਘਵ ਚੱਢਾ ਨੇ ਤਰਕ ਦਿੰਦਿਆਂ ਕਿਹਾ ਕਿ ਜਿਵੇਂ ਵੋਟ ਨਾ ਪਾਉਣ ’ਤੇ ਵੋਟਰ ਆਈ.ਡੀ. ਕਾਰਡ ਰੱਦ ਨਹੀਂ ਹੁੰਦਾ, ਮਾਸਿਕ ਰਾਸ਼ੀ ਜਮ੍ਹਾ ਨਾ ਹੋਣ ’ਤੇ ਬੈਂਕ ਖਾਤਾ ਬੰਦ ਨਹੀਂ ਹੁੰਦਾ ਅਤੇ ਡਿਟੇਲ ਅਪਡੇਟ ਨਾ ਹੋਣ ’ਤੇ ਆਧਾਰ ਕਾਰਡ ਅਕਿਰਿਆਸ਼ੀਲ ਨਹੀਂ ਹੁੰਦਾ, ਠੀਕ ਉਵੇਂ ਹੀ ਮੋਬਾਈਲ ਨੰਬਰ ਵੀ ਚਾਲੂ ਰਹਿਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ ਇਨਕਮਿੰਗ ਕਾਲ ਦੀ ਸਹੂਲਤ ਨੂੰ ਲਾਜ਼ਮੀ ਤੌਰ ’ਤੇ ਜਾਰੀ ਰੱਖਿਆ ਜਾਵੇ।
Read More : ਬੈਂਗਲੁਰੂ ਹਵਾਈ ਅੱਡੇ ਤੋਂ 21 ਉਡਾਣਾਂ ਰੱਦ
