ਵਿਧਾਇਕਾਂ ਤੇ ‘ਆਪ’ ਕਾਰਕੁੰਨਾਂ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਪਟਿਆਲਾ, 02 ਮਈ (2025):

ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ‘ਤੇ ਪੰਜਾਬ ਨਾਲ ਧੱਕਾ ਕਰਦਿਆਂ ਬੀ.ਬੀ.ਐਮ.ਬੀ. ਵੱਲੋਂ ਹਰਿਆਣਾ ਨੂੰ ਫ਼ੌਰੀ 8500 ਕਿਊਸਿਕ ਵਾਧੂ ਪਾਣੀ ਧੱਕੇ ਨਾਲ ਛੱਡੇ ਜਾਣ ਦੇ ਫ਼ੈਸਲੇ ਵਿਰੁੱਧ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਅਗਵਾਈ ਹੇਠ ਪਟਿਆਲਾ ਵਿਖੇ ਭਾਜਪਾ ਆਗੂਆਂ ਦੀ ਰਿਹਾਇਸ਼ ਮੂਹਰੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਫੂਕਦਿਆਂ ਨਾਭਾ ਤੇ ਸ਼ੁਤਰਾਣਾ ਦੇ ਵਿਧਾਇਕਾਂ ਗੁਰਦੇਵ ਸਿੰਘ ਦੇਵ ਮਾਨ ਅਤੇ ਕੁਲਵੰਤ ਸਿੰਘ ਬਾਜ਼ੀਗਰ ਨੇ ਜ਼ੋਰਦਾਰ ਮੰਗ ਕੀਤੀ ਕਿ ਭਾਜਪਾ ਵੱਲੋਂ ਪੰਜਾਬ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਬੰਦ ਕੀਤੀ ਜਾਵੇ । ਰੋਸ ਪ੍ਰਦਰਸ਼ਨ ਮੌਕੇ ਜ਼ਿਲ੍ਹੇ ਦੇ ਸਾਰੇ ਹਲਕਿਆਂ ਦੇ ਵੱਡੀ ਗਿਣਤੀ ਆਗੂਆਂ ਤੇ ਆਪ ਕਾਰਕੁੰਨਾਂ ਨੇ ਕੇਂਦਰ ਸਰਕਾਰ, ਹਰਿਆਣਾ ਸਰਕਾਰ, ਭਾਰਤੀ ਜਨਤਾ ਪਾਰਟੀ ਤੇ ਬੀ.ਬੀ.ਐਮ.ਬੀ. ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ ਤੇ ਭਾਜਪਾ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਦੀ ਰਿਹਾਇਸ਼ ਤੱਕ ਰੋਸ ਮਾਰਚ ਕਰਕੇ ਭਾਜਪਾ ਦੀ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।

ਪੰਜਾਬ ਕੋਲ ਕੇਵਲ ਆਪਣੇ ਜੋਗਾ ਹੀ ਪਾਣੀ

ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪੰਜਾਬ ਕੋਲ ਕੇਵਲ ਆਪਣੇ ਜੋਗਾ ਹੀ ਪਾਣੀ ਹੈ ਤੇ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਤੋਂ ਵਾਧੂ ਪਾਣੀ ਲੈ ਚੁੱਕਾ ਹੈ ਪਰੰਤੂ ਹੁਣ 8500 ਕਿਉਸਿਕ ਪਾਣੀ ਦਾ ਡਾਕਾ ਮਾਰਕੇ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਨੂੰ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਰਦਾਸ਼ਤ ਨਹੀਂ ਕਰੇਗੀ।

ਦੇਵ ਮਾਨ ਨੇ ਕਿਹਾ ਕਿ ਕੇਂਦਰ ਤੇ ਭਾਜਪਾ ਦੀਆਂ ਹਰਿਆਣਾ, ਦਿੱਲੀ ਤੇ ਰਾਜਸਥਾਨ ਸਰਕਾਰਾਂ, ਪੰਜਾਬ ਤੇ ਪੰਜਾਬੀਆਂ ਖ਼ਿਲਾਫ਼ ਡੂੰਘੀ ਸਾਜ਼ਿਸ਼ ਕਰਕੇ ਸੂਬੇ ਨਾਲ ਵਧੀਕੀ ਕਰ ਰਹੀਆਂ ਹਨ, ਜਿਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਤੇ ਉਦਯੋਗ ਪਾਣੀ ਬਿਨ੍ਹਾਂ ਬਰਬਾਦ ਹੋ ਜਾਣਗੇ, ਇਸ ਲਈ ਪੰਜਾਬ ਕਦੇ ਵੀ ਆਪਣੇ ਹੱਕਾਂ ‘ਤੇ ਡਾਕਾ ਬਰਦਾਸ਼ਤ ਨਹੀਂ ਕਰੇਗਾ।

ਕੇਂਦਰ ਧੱਕੇਸ਼ਾਹੀ ਕਰ ਰਿਹਾ

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਭਾਜਪਾ ਜਾਣਬੁੱਝਕੇ ਪੰਜਾਬ ਦਾ ਸ਼ਾਂਤਮਈ ਮਾਹੌਲ ਖਰਾਬ ਕਰਨ ‘ਤੇ ਤੁਲੀ ਹੋਈ ਹੈ ਪਰੰਤੂ ਪੰਜਾਬ ਦੇ ਲੋਕ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਅਤੇ ਪੰਜਾਬ ਦਾ ਪਾਣੀ ਸਾਡੇ ਖ਼ੂਨ ਤੋਂ ਵੀ ਮਹਿੰਗਾ ਹੈ। ਬਾਜ਼ੀਗਾਰ ਨੇ ਦੋਸ਼ ਲਾਇਆ ਕਿ ਜਾਣਬੁੱਝ ਕੇ ਪੰਜਾਬ ਤੇ ਪੰਜਾਬੀਆਂ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਤੇ ਹਰਿਆਣਾ ਸਮੇਤ ਬੀ.ਬੀ.ਐਮ.ਬੀ. ਮਿਲਕੇ ਪੰਜਾਬ ਦਾ ਪਾਣੀ ਲੁੱਟਣ ਲੱਗੇ ਹਨ, ਜਿਨ੍ਹਾਂ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਮੌਕੇ ਚੇਅਰਮੈਨ ਪੀਆਰਟੀਸੀ ਰਣਜੋਧ ਸਿੰਘ ਹਡਾਣਾ, ਮੇਅਰ ਕੁੰਦਨ ਗੋਗੀਆ, ਆਪ ਆਗੂ ਇੰਦਰਜੀਤ ਸਿੰਘ ਸੰਧੂ, ਜਸਬੀਰ ਸਿੰਘ ਗਾਂਧੀ, ਗੁਰਜੀਤ ਸਿੰਘ ਸਾਹਨੀ, ਦਵਿੰਦਰਪਾਲ ਸਿੰਘ ਮਿੱਕੀ, ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਪ੍ਰਦੀਪ ਜੋਸ਼ਨ, ਸਰਜੀਤ ਸਿੰਘ ਅਬਲੋਵਾਲ, ਵੱਡੀ ਗਿਣਤੀ ਜ਼ਿਲ੍ਹੇ ਦੇ ਆਪ ਕੌਂਸਲਰ, ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਨਾਭਾ, ਸਮਾਣਾ, ਸਨੌਰ ਤੇ ਸ਼ੁਤਰਾਣਾ ਹਲਕੇ ਦੇ ਆਗੂਆਂ ਤੇ ਵਰਕਰਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *