– ਹਲਕੇ ਦੇ ਸਮੁੱਚੇ ਐੱਸ.ਐੱਚ.ਓ, ਤੇ ਚੌਂਕੀ ਇੰਚਾਰਜ ਵੀ ਬਦਲੇ
– ਮੁੱਖ ਮੰਤਰੀ ਸਾਹਿਬ ਮਰਦ ਬਣੋ, ਲੋਕ ਤੁਹਾਨੂੰ ਚਾਹੁੰਦੇ ਹਨ : ਹਰਮੀਤ ਪਠਾਣਮਾਜਰਾ
ਪਟਿਆਲਾ, 1 ਸਤੰਬਰ : ਬੀਤੇ ਦਿਨ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਹਲਕੇ ਦੇ ਲੋਕਾਂ ਦੇ ਹੱਕ ’ਚ ਡਟਣ ਅਤੇ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ ਖਿਲਾਫ ਬੋਲਣ ਦੀ ਅੱਜ ਸਜ਼ਾ ਮਿਲੀ ਹੈ। ਵਿਧਾਇਕ ਪਠਾਣਮਾਜਰਾ ਦੀ ਜਿੱਥੇ ਸਮੁੱਚੀ ਦੀ ਸੁਰੱਖਿਆ ਲਈ ਵਾਪਸ ਲੈ ਲਈ ਗਈ ਹੈ, ਉਥੇ ਅੱਜ ਸਵੇਰੇ ਹੀ ਉਨ੍ਹਾਂ ਦੇ ਹਲਕਿਆਂ ਵਿਚ ਪੈਂਦੇ ਤਿੰਨ ਥਾਣਿਆਂ ਦੇ ਐੱਸ. ਐੱਚ. ਓ. ਅਤੇ ਚਾਰ ਚੌਕੀਆਂ ਦੇ ਇੰਚਾਰਜ ਬਦਲ ਦਿੱਤੇ ਗਏ ਹਨ।
ਆਪਣੇ ਬੇਬਾਕ ਬੋਲਾਂ ਅਤੇ ਬੇਪਰਵਾਹੀ ਕਾਰਨ ਜਾਣੇ ਜਾਂਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਰਕਾਰ ਵੱਲੋਂ ਐਕਸ਼ਨ ਲੈਣ ਤੋਂ ਬਾਅਦ ਹੋਰ ਸਖਤ ਭਾਸ਼ਾ ’ਚ ਦਿੱਲੀ ਵਾਲਿਆਂ ਉਪਰ ਵਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਆਮ ਆਦਮੀ ਪਾਰਟੀ ਚਲਾ ਰਹੀ ਹੈ, ਜਿਸ ਕਾਰਨ ਸਮੁੱਚੇ ਵਿਧਾਇਕਾਂ ਦਾ ਸਾਹ ਲੈਣਾ ਅੌਖਾ ਹੋਇਆ ਪਿਆ ਹੈ।
ਪਠਾਣਮਾਜਰਾ ਨੇ ਆਖਿਆ ਕਿ ਮੈਂ ਹੜ੍ਹਾਂ ਦਾ ਮੁੱਦਾ ਚੁੱਕਿਆ ਸੀ। ਮੈਂ ਸਪੱਸ਼ਟ ਆਖਿਆ ਸੀ ਕਿ ਇਸ ਲਈ ਕ੍ਰਿਸ਼ਨ ਕੁਮਾਰ ਜ਼ਿੰਮੇਵਾਰ ਹੈ। ਮੈਂ ਅੱਜ ਵੀ ਆਪਣੇ ਸਟੈਂਡ ਉਪਰ ਦ੍ਰਿੜ੍ਹ ਹਾਂ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਦੇ ਦਰਿਆਵਾਂ ਤੇ ਨਦੀਆਂ ਦੀ ਪੂਰੀ ਵਿਉਤਬੰਦੀ ਕੀਤੀ ਹੁੰਦੀ ਤੇ ਉਨ੍ਹਾਂ ਉਪਰ ਕੰਮ ਹੋਇਆ ਹੁੰਦਾ ਤਾਂ ਅੱਜ ਇਹ ਦਿਨ ਪੰਜਾਬ ਨੂੰ ਨਹੀ ਦੇਖਣੇ ਪੈਣੇ ਸਨ।
ਉਨ੍ਹਾਂ ਮੁੱਖ ਮੰਤਰੀ ਨੂੰ ਫਿਰ ਅਪੀਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਹੁਣ ਮਰਦ ਬਣੋ ਤਾਂ ਜੋ ਸਾਰੇ ਵਿਧਾਇਕ ਤੁਹਾਡੇ ਨਾਲ ਖੜ੍ਹੇ ਹੋ ਜਾਣ। ਲੋਕ ਦਿੱਲੀ ਵਾਲਿਆਂ ਨੂੰ ਨਹੀਂ ਚਾਹੁੰਦੇ, ਤੁਹਾਨੂੰ ਚਾਹੁੰਦੇ ਹਨ।
ਲੋਕਾਂ ਦੇ ਹੱਕ ’ਚ ਮੈਂ ਆਪਣੀ ਜਿੰਦ ਜਾਨ ਲਗਾ ਦੇਵਾਂਗਾ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਹਲਕੇ ਦੇ ਲੋਕਾਂ ਦੇ ਹੱਕ ਵਿਚ ਉਹ ਜਿੰਦ ਜਾਨ ਲਗਾ ਦੇਣਗੇ। ਉਨ੍ਹਾਂ ਆਖਿਆ ਕਿ ਮੈਂ ਸਾਰੀ ਜ਼ਿੰਦਗੀ ਆਪਣੀ ਹਲਕੇ ਦੀ ਰਾਜਨੀਤੀ ਲਈ ਲਗਾਈ ਹੈ ਤੇ ਅੱਜ ਵੀ ਮੈਂ ਹਲਕੇ ਦੇ ਲੋਕਾਂ ਲਈ ਪੂਰੀ ਤਰ੍ਹਾਂ ਡਟਾਂਗਾ। ਉਨ੍ਹਾਂ ਆਖਿਆ ਕਿ ਅੱਜ ਜਦੋਂ ਮੇਰਾ ਹਲਕਾ ਡੁੱਬ ਰਿਹਾ ਹੈ, ਉਸ ਸਮੇਂ ਵੀ ਮੈਨੂੰ ਬੋਲਣ ਦਾ ਅਧਿਕਾਰ ਨਹੀਂ ਤਾਂ ਮੇਰੇ ਵਿਧਾਇਕ ਹੋਣ ਦਾ ਕਿ ਫਾਇਦਾ ਹੈ। ਪਠਾਣਮਾਜਰਾ ਨੇ ਆਖਿਆ ਕਿ ਮੈਂ ਲੋਕਾਂ ਦਾ ਸੇਵਕ ਹਾਂ, ਚਾਹੇ ਮੇਰੇ ਉਪਰ ਜਿੰਨੇ ਮਰਜੀ ਪਰਚੇ ਕਰ ਲਵੋ, ਮੈਂ ਲੋਕਾਂ ਨਾਲ ਡਟਾਂਗਾ।
Read More : ਬੇਹੱਦ ਖੌਫਨਾਕ ਹੈ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦਾ ਮੰਜਰ
