ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਖਿਡਾਰੀਆਂ ਨੂੰ ਸਮਰਪਣ ਤੇ ਅਨੁਸ਼ਾਸਨ ਦੀ ਭਾਵਨਾ ਨਾਲ ਮੁਕਾਬਲਾ ਕਰਨ ਲਈ ਕੀਤਾ ਪ੍ਰੇਰਿਤ
ਸੰਗਰੂਰ, 5 ਅਕਤੂਬਰ : 69ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਸ਼ਤਰੰਜ ਅੰਡਰ -17 ਲੜਕੇ/ਲੜਕੀਆਂ 2025-26, ਜੋ ਕਿ ਸਟੀਫਨ ਇੰਟਰਨੈਸ਼ਨਲ ਪਬਲਿਕ ਸਕੂਲ ਮਹਿਲਾਂ ਚੌਕ ਸੰਗਰੂਰ ਵਿਖੇ ਕਰਵਾਈਆਂ ਜਾ ਰਹੀਆਂ ਹਨ, ਤਹਿਤ ਅੰਡਰ -17 ਲੜਕਿਆਂ ਦੇ ਮੁਕਾਬਲਿਆਂ ਦੈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਦਘਾਟਨ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਚੀਮਾ ਨੇ ਭਾਗੀਦਾਰਾਂ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕੀਤੀ, ਉਨ੍ਹਾਂ ਨੂੰ ਸਮਰਪਣ ਤੇ ਅਨੁਸ਼ਾਸਨ ਦੀ ਭਾਵਨਾ ਨਾਲ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ।
ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿਚ ਖੇਡਾਂ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਖੇਡ ਨਰਸਰੀਆਂ ਪਿੰਡਾਂ ਵਿਚ ਬਣਾਈਆਂ ਗਈਆਂ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿਚ ਵੱਧ ਤੋਂ ਵੱਧ ਯੂਥ ਨੂੰ ਗਰਾਊਂਡਾਂ ਨਾਲ ਜੋੜ ਕੇ ਪੰਜਾਬ ਵਿਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇ। ਹੁਣ ਉਹ ਸਮਾਂ ਦੂਰ ਨਹੀਂ, ਜਦੋਂ ਪੰਜਾਬ ਦੇ ਪਿੰਡਾਂ ਵਿਚੋਂ ਨਿਕਲ ਕੇ ਨੌਜਵਾਨ ਮੁੰਡੇ-ਕੁੜੀਆਂ ਅੰਤਰਰਾਸ਼ਟਰੀ ਪੱਧਰ ਉੱਤੇ ਦੇਸ਼ ਦੀ ਅਗਵਾਈ ਕਰਨਗੇ ਅਤੇ ਨਾਮਣਾ ਖੱਟਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਜਿੱਥੇ “ਖੇਡਾਂ ਵਤਨ ਪੰਜਾਬ ਦੀਆਂ” ਸ਼ੁਰੂ ਕਰਵਾਈਆਂ ਗਈਆਂ ਹਨ, ਉਥੇ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਨਾਮ ਚਮਕਾਉਣ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਲਾਭ ਲੈਣ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਵੱਡੇ ਪੱਧਰ ਉੱਤੇ ਖੇਡ ਮੈਦਾਨ ਅਤੇ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ।
ਇਸ ਮੌਕੇ ਵਿਦਿਆਰਥੀਆਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ ਅਤੇ ਸ਼ਬਦ ਗਾਇਨ ਵੀ ਕੀਤਾ। ਇਸ ਟੂਰਨਾਮੈਂਟ ਦੇ ਕਨਵੀਨਰ ਮਨਦੀਪ ਸਿੰਘ, ਡੀ.ਪੀ.ਈ ਨੇ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿਚ 23 ਜ਼ਿਲਿਆਂ ਦੇ 115 ਖਿਡਾਰੀਆਂ ਨੇ ਭਾਗ ਲਿਆ। ਨਰੇਸ਼ ਸੈਣੀ, ਜ਼ਿਲਾ ਸਪੋਰਟਸ ਕੋਆਰਡੀਨੇਟਰ ਨੇ ਸਮੂਹ ਮਹਿਮਾਨਾਂ, ਤਪਇੰਦਰ ਸਿੰਘ ਸੋਹੀ ਓ.ਐੱਸ.ਡੀ. (ਵਿੱਤ ਮੰਤਰੀ ਪੰਜਾਬ), ਸਟੀਫਨ ਇੰਟਰਨੈਸਨਲ ਸਕੂਲ ਦੇ ਚੇਅਰਮੈਨ ਦੀਪਕ ਗੁਪਤਾ ਅਤੇ ਪ੍ਰਿੰਸੀਪਲ ਮੋਨਿਕਾ ਸ਼ਰਮਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਇਸ ਮੌਕੇ ਜ਼ਿਲਾ ਟੂਰਨਾਮੈਂਟ ਕਮੇਟੀ ਦੇ ਮੈਂਬਰ ਮਨਜੋਤ ਕੌਰ,ਹੈੱਡਮਾਸਟਰ ਸੁਖਦੀਪ ਸਿੰਘ , ਹੈੱਡਮਾਸਟਰ ਗੁਰਿੰਦਰ ਸਿੰਘ, ਹੈੱਡਮਾਸਟਰ ਪਰਵੀਨ ਜਿੰਦਲ , ਹੈੱਡਮਿਸਟਰੈੱਸ ਰਿੰਕਲ ਸਿੰਗਲ਼ਾ, ਲੈਕਚਰਾਰ ਪਰਮਿੰਦਰ ਕੁਮਾਰ, ਸਪਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਮੌਜੂਦ ਸਨ। ਇਸ ਮੌਕੇ ਬਤੌਰ ਅਬਜ਼ਰਬਰ ਮਲਕੀਤ ਸਿੰਘ ਬਰਨਾਲਾ ਪੁੱਜੇ। ਇਸ ਦੌਰਾਨ ਰਾਕੇਸ਼ ਗੁਪਤਾ, ਰਾਜਪ੍ਰੀਤ ਗੋਇਲ, ਹਰਿੰਦਰ ਸ਼ਰਮਾ, ਸੁਖਚੈਨ ਸਿੰਘ, ਦੀਪਕ ਕੁਮਾਰ, ਮੁਨੀਸ਼ ਦੂਆ ਸਮੇਤ ਵੱਡੀ ਗਿਣਤੀ ਖਿਡਾਰੀ ਹਾਜ਼ਰ ਹਨ।
Read More : ਹਿਮਾਚਲ ‘ਚ ਸੈਰ-ਸਪਾਟਾ ਸਥਾਨ ਬਰਫ਼ ਨਾਲ ਹੋਏ ਚਿੱਟੇ