ਬਟਾਲਾ ’ਚ ਦੀਪ ਚੀਮਾ ਦੇ ਕਤਲ ’ਚ ਸ਼ਾਮਲ ਸੀ ਮਾਨਿਕ ਛੇਹਰਟਾ : ਡੀ. ਆਈ. ਜੀ. ਸੰਦੀਪ ਗੋਇਲ
ਬਟਾਲਾ, 17 ਨਵੰਬਰ : ਦੇਰ ਰਾਤ ਬਟਾਲਾ ਪੁਲਸ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਇਕ ਮੈਂਬਰ ਮਾਨਿਕ ਛੇਹਰਟਾ ਨੂੰ ਪੁਲਸ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਉਕਤ ਵਿਅਕਤੀ ਗੋਲੀ ਲੱਗਣ ਦੇ ਚਲਦਿਆਂ ਗੰਭੀਰ ਜ਼ਖ਼ਮੀ ਹੋਇਆ ਹੈ ਅਤੇ ਉਸਦਾ ਇਲਾਜ ਸਿਵਲ ਹਸਪਤਾਲ ਬਟਾਲਾ ’ਚ ਚੱਲ ਰਿਹਾ ਹੈ।
ਇਸ ਸਬੰਧੀ ਡੀ. ਆਈ. ਜੀ. ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ 2 ਨਵੰਬਰ ਨੂੰ ਬਟਾਲਾ ਦੇ ਡੇਰਾ ਰੋਡ ਵਿਖੇ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ 5 ਅਣਪਛਾਤੇ ਵਿਅਕਤੀਆਂ ਵੱਲੋਂ ਦੀਪ ਚੀਮਾ ਵਾਸੀ ਬਟਾਲਾ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਪੁਲਸ ਨੇ ਕੇਸ ਵੀ ਦਰਜ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਵੱਲੋਂ ਐੱਸ. ਪੀ. ਡੀ. ਗੁਰਪ੍ਰਤਾਪ ਸਿੰਘ ਸਹੋਤਾ, ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਆਦਿ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਵੱਲੋਂ ਕੁਝ ਦਿਨ ਪਹਿਲਾਂ ਹੀ ਪੁਲਸ ਨੇ ਇਸ ਕੇਸ ’ਚ ਸ਼ਾਮਲ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਬੀਤੀ ਰਾਤ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਸ ਕੇਸ ’ਚ ਸ਼ਾਮਲ ਮਾਨਿਕ ਛੇਹਰਟਾ ਵਾਸੀ ਛੇਹਰਟਾ ਅੰਮ੍ਰਿਤਸਰ, ਜੋ ਕਿ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਹੈ, ਮੋਟਰਸਾਈਕਲ ’ਤੇ ਸਵਾਰ ਹੋ ਕੇ ਬਟਾਲਾ ਵੱਲ ਆ ਰਿਹਾ ਹੈ। ਇਸ ਸਬੰਧੀ ਐੱਸ. ਐੱਚ. ਓ. ਸਿਟੀ ਸੁਖਜਿੰਦਰ ਸਿੰਘ ਵੱਲੋਂ ਬਟਾਲਾ ਦੇ ਨਜ਼ਦੀਕ ਸੈਦ ਮੁਬਾਰਕ ਕੁਲੀਆਂ ਵਿਖੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ।
ਇਸ ਦੌਰਾਨ ਮਾਨਿਕ ਛੇਹਰਟਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਇਆ, ਜਿਸਨੂੰ ਪੁਲਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਕਤ ਨੇ ਪੁਲਸ ਪਾਰਟੀ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਪੁਲਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਉਕਤ ਵਿਅਕਤੀ ਦੀ ਖੱਬੀ ਲੱਤ ’ਤੇ ਗੋਲੀ ਲੱਗ ਗਈ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਮਾਨਿਕ ਛੇਹਰਟਾ ਵਿਰੁੱਧ ਪਹਿਲਾਂ ਵੀ ਕਤਲ ਅਤੇ ਅਸਲਾ ਐਕਟ ਦੇ ਤਹਿਤ ਵੱਖ-ਵੱਖ ਥਾਣਿਆਂ ’ਚ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਸ ਮਾਮਲੇ ’ਚ ਸ਼ਾਮਲ ਬਾਕੀ 2 ਵਿਅਕਤੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ, ਐੱਸ. ਪੀ. ਡੀ. ਗੁਰਪ੍ਰਤਾਪ ਸਿੰਘ ਸਹੋਤਾ, ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ, ਐੱਸ. ਐੱਚ. ਓ. ਸਿਟੀ ਸੁਖਜਿੰਦਰ ਸਿੰਘ ਆਦਿ ਪੁਲਸ ਅਧਿਕਾਰੀ ਹਾਜ਼ਰ ਸਨ।
Read More : ਹੋਟਲ ‘ਚ ਵਿਆਹੁਤਾ ਪ੍ਰੇਮਿਕਾ ਦੀ ਹੱਤਿਆ
