Delhi-fire-news

ਦਿੱਲੀ ‘ਚ ਬਹੁ-ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ; 3 ਬੱਚਿਆਂ ਸਮੇਤ 7 ਦੀ ਮੌਤ

ਕਾਸਮੈਟਿਕ ਦੀ ਦੁਕਾਨ ਤੋਂ ਸ਼ੁਰੂ ਹੋਈ ਅੱਗ ਨੇ ਪੂਰੀ ਇਮਾਰਤ ਨੂੰ ਲਿਆ ਲਪੇਟ ਵਿਚ; 30 ਫਾਇਰ ਇੰਜਣਾਂ ਨੇ ਪਾਇਆ ਕਾਬੂ

ਦਿੱਲੀ, 18 ਮਾਰਚ : ਦੱਖਣ-ਪੱਛਮੀ ਦਿੱਲੀ ਦੇ ਪਾਲਮ ਇਲਾਕੇ ਅਧੀਨ ਪੈਂਦੇ ਸਾਧ ਨਗਰ ਵਿੱਚ ਅੱਜ ਸਵੇਰੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਸੱਤ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਪਾਲਮ ਮੈਟਰੋ ਸਟੇਸ਼ਨ ਦੇ ਨੇੜੇ ਗਲੀ ਨੰਬਰ 2 ਵਿੱਚ ਸਥਿਤ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਵਾਪਰਿਆ।

ਜਾਣਕਾਰੀ ਅਨੁਸਾਰ ਅੱਗ ਸਵੇਰੇ ਲਗਭਗ 7 ਵਜੇ ਇਮਾਰਤ ਦੀ ਜ਼ਮੀਨੀ ਮੰਜ਼ਿਲ ‘ਤੇ ਸਥਿਤ ਇੱਕ ਕਾਸਮੈਟਿਕ ਦੀ ਦੁਕਾਨ ਵਿੱਚ ਲੱਗੀ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਸਮੇਂ ਵਿੱਚ ਧੂੰਏਂ ਨੇ ਪੂਰੀ ਇਮਾਰਤ ਨੂੰ ਘੇਰ ਲਿਆ। ਇਮਾਰਤ ਵਿੱਚ ਮੌਜੂਦ ਲੋਕ ਬਾਹਰ ਨਿਕਲਣ ਵਿੱਚ ਅਸਮਰੱਥ ਰਹੇ ਅਤੇ ਮਦਦ ਲਈ ਚੀਕ-ਚਿਹਾੜਾ ਸ਼ੁਰੂ ਹੋ ਗਿਆ। ਜਾਨ ਬਚਾਉਣ ਲਈ ਕੁਝ ਲੋਕਾਂ ਨੇ ਇਮਾਰਤ ਦੀਆਂ ਉੱਪਰਲੀਆਂ ਮੰਜ਼ਿਲਾਂ ਤੋਂ ਛਾਲ ਵੀ ਮਾਰ ਦਿੱਤੀ।

ਫਾਇਰ ਵਿਭਾਗ ਨੂੰ ਸੂਚਨਾ ਮਿਲਦੇ ਹੀ 30 ਫਾਇਰ ਇੰਜਣ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਫਾਇਰਫਾਈਟਰਾਂ ਨੇ ਸੱਤ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਬਦਕਿਸਮਤੀ ਨਾਲ ਤਿੰਨ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਜਾਰੀ ਹੈ।

ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਫਾਇਰ ਸਰਵਿਸ ਅਤੇ ਦਿੱਲੀ ਪੁਲਿਸ ਵੱਲੋਂ ਰਾਹਤ ਕਾਰਜਾਂ ਦੀ ਅਗਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਵੀ ਸੋਸ਼ਲ ਮੀਡੀਆ ਰਾਹੀਂ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

Read More : ਪਰਾਲੀ ਸਾੜਨ ਦੇ ਮਾਮਲਿਆਂ ਵਿਚ 90% ਗਿਰਾਵਟ ਪੰਜਾਬ ਦੇ ਕਿਸਾਨਾਂ ਦੀ ਵੱਡੀ ਜਿੱਤ : ਗੁਰਮੀਤ ਖੁੱਡੀਆਂ

Leave a Reply

Your email address will not be published. Required fields are marked *