ਨੀਂਹ ਪੱਥਰ

ਮੰਡੀਆਂ ਸਾਡੀ ਅਰਥਵਿਵਸਥਾ ਦਾ ਧੁਰਾ : ਅਮਨ ਅਰੋੜਾ

ਸੁਨਾਮ ਮੰਡੀ ’ਚ 1.02 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡ ਦਾ ਰੱਖਿਆ ਨੀਂਹ ਪੱਥਰ

ਸੁਨਾਮ, 21 ਨਵੰਬਰ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਮੰਡੀ ਵਿੱਚ ਕਰੀਬ 1.02 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡ ਦਾ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਮੰਡੀ ਦੇ ਆੜਤੀਆਂ ਤੇ ਕਿਸਾਨਾਂ ਦੀ ਇਹ ਮੰਗ ਸੀ ਕਿ ਇਥੇ ਵੱਡਾ ਸ਼ੈੱਡ ਬਣਾਇਆ ਜਾਵੇ, ਜਿਸ ’ਤੇ ਕਾਰਵਾਈ ਕਰਦਿਆਂ 200 ਫੁੱਟ ਲੰਬਾਈ ਅਤੇ 75 ਫੁੱਟ ਚੌੜਾਈ ਵਾਲਾ ਕਰੀਬ 1 ਕਰੋੜ 02 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਜੋ ਪੰਜ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਮੰਡੀਆਂ ਸਾਡੀ ਅਰਥ ਵਿਵਸਥਾ ਦਾ ਧੁਰਾ ਹਨ, ਆੜਤੀਆਂ, ਕਿਸਾਨ ਭਰਾਵਾਂ ਤੇ ਮਜ਼ਦੂਰਾਂ ਦਾ ਸਿੱਧਾ ਸਬੰਧ ਮੰਡੀਆਂ ਨਾਲ ਹੈ ਤੇ ਸ਼ਹਿਰ ਦੀ ਅਰਥਵਿਵਸਥਾ ਮੰਡੀਆਂ ਵਿੱਚੋਂ ਹੀ ਚੱਲਦੀ ਹੈ। ਉਹਨਾਂ ਕਿਹਾ ਕਿ ਬਹੁਗਿਣਤੀ ਪੈਸਾ ਆਰ.ਡੀ.ਐਫ ਦੇ ਰੂਪ ਵਿੱਚ ਮੰਡੀਆਂ ਵਿੱਚੋਂ ਹੀ ਆਉਂਦਾ ਹੈ, ਜਿਸ ਨਾਲ ਵਿਕਾਸ ਕਾਰਜ ਕੀਤੇ ਜਾਂਦੇ ਹਨ, ਇਸ ਲਈ ਜ਼ਰੂਰੀ ਹੈ ਕਿ ਜਿਥੋਂ ਅਰਥਵਿਵਸਥਾ ਚੱਲਦੀ ਹੈ, ਉਸ ਖੇਤਰ ਦਾ ਵਿਕਾਸ ਤੇਜ਼ੀ ਨਾਲ ਕੀਤਾ ਜਾਵੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੁਨਾਮ ਹਲਕੇ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਸੁਨਾਮ ਵਿੱਚ ਹੋਰ ਵੱਡੇ ਵਿਕਾਸ ਕਾਰਜ ਵੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੁਨਾਮ ਨੂੰ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਸ਼ਹਿਰ ਵਿੱਚ ਕੈਮਰੇ ਲਗਾਉਣ ਦੀ ਤਜਵੀਜ਼ ਬਣ ਚੁੱਕੀ ਹੈ, ਜਿਸ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਸੁਨਾਮ ਦੀ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਵੀ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਨੂੰ ਜਲਦੀ ਹੀ ਅਮਲੀਜਾਮਾ ਪਹਿਨਾਇਆ ਜਾਵੇਗਾ।

ਇਸ ਮੌਕੇ ਮੁਕੇਸ਼ ਜੁਨੇਜਾ ਚੇਅਰਮੈਨ, ਪ੍ਰਿਤਪਾਲ ਹਾਂਡਾ ਅਤੇ ਮੁਨੀਸ਼ ਸੋਨੀ (ਸਾਬਕਾ ਚੇਅਰਮੈਨ), ਕਿਸ਼ੋਰ ਚੰਦ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਰਾਜਨ ਹੋਡਲਾ, ਅਮਰੀਕ ਧਾਲੀਵਾਲ, ਤਰਸੇਮ ਕੁਲਾਰ, ਮਾਸਟਰ ਰਚਨਾ ਰਾਮ, ਰਜਿੰਦਰ ਬਬਲੀ ਬਘੀਰਥ ਗੀਰਾ (ਸਾਰੇ ਸਾਬਕਾ ਪ੍ਰਧਾਨ), ਯਾਦਵਿੰਦਰ ਰਾਜਾ, ਪ੍ਰਧਾਨ ਟਰੱਕ ਯੂਨੀਅਨ, ਮਨਿੰਦਰ ਲਖਮੀਰਵਾਲਾ, ਮਨਪ੍ਰੀਤ ਬਾਂਸਲ, ਪੁਰਸ਼ੋਤਮ ਬਾਵਾ, ਲਾਭ ਨੀਲੋਵਾਲ ਅਤੇ ਸ਼ਹਿਰ ਵਾਸੀ ਹਾਜ਼ਰ ਸਨ।

Read More : ਜੈਕਾਰਿਆਂ ਦੀ ਗੂੰਜ ’ਚ ਗੁਰਦਾਸਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ

Leave a Reply

Your email address will not be published. Required fields are marked *