ਪੁਲਿਸ ਪ੍ਰਸ਼ਾਸਨ ਅਲਰਟ; ਸਕੂਲਾਂ ਵਿਚ ਮਚੀ ਹਲਚਲ; ਬੰਬ ਤੇ ਡਾਗ ਸਕੁਐਡ ਵੱਲੋਂ ਚੈਕਿੰਗ; ਸਾਈਬਰ ਸੈੱਲ ਈਮੇਲ ਦੇ ਸਰੋਤ ਦੀ ਜਾਂਚ ‘ਚ ਲੱਗਿਆ
ਚੰਡੀਗੜ੍ਹ/ਜਲੰਧਰ; 6 ਅਪ੍ਰੈਲ : ਚੰਡੀਗੜ੍ਹ ਅਤੇ ਜਲੰਧਰ ਦੇ ਕਈ ਨਾਮੀ ਸਕੂਲਾਂ ਨੂੰ ਅੱਜ ਮੁੜ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਧਮਕੀਆਂ ਈਮੇਲ ਰਾਹੀਂ ਦਿੱਤੀਆਂ ਗਈਆਂ ਹਨ, ਜਿਸ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਅਪਮਾਨਜਨਕ ਅਤੇ ਡਰਾਉਣੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ।
ਜਲੰਧਰ ਵਿਚ ਡੀਪੀਐਸ ਸਕੂਲ (DPS), ਮੇਅਰ ਵਰਲਡ ਸਕੂਲ ਅਤੇ ਇੱਕ ਹੋਰ ਡੀਪੀਐਸ ਸਕੂਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਧਮਕੀ ਭਰੇ ਈਮੇਲ ਭੇਜੇ ਗਏ। ਸਕੂਲ ਪ੍ਰਬੰਧਨ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬੰਬ ਸਕੁਐਡ ਅਤੇ ਡੌਗ ਸਕੁਐਡ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਅਹਾਤੇ ਦੀ ਜਾਂਚ ਕੀਤੀ।
ਚੰਡੀਗੜ੍ਹ ਵਿਚ ਵੀ ਇਸ ਖ਼ਬਰ ਨੇ ਮਾਪਿਆਂ ਅਤੇ ਬੱਚਿਆਂ ਵਿਚ ਭਾਰੀ ਚਿੰਤਾ ਪੈਦਾ ਕਰ ਦਿੱਤੀ। ਰਿਪੋਰਟਾਂ ਅਨੁਸਾਰ ਸੈਕਟਰ 41, 32, 47 ਅਤੇ 45 ਦੇ ਸਕੂਲਾਂ ਨੂੰ ਧਮਕੀ ਭਰੇ ਈਮੇਲ ਪ੍ਰਾਪਤ ਹੋਏ। ਸੂਚਨਾ ਮਿਲਦੇ ਹੀ ਪੁਲਿਸ ਨੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਹਰ ਸ਼ੱਕੀ ਵਸਤੂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਈਮੇਲਾਂ ਦੇ ਅਸਲ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਸਾਈਬਰ ਸੈੱਲ ਦੀਆਂ ਟੀਮਾਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਪ੍ਰਸ਼ਾਸਨ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ, ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
Read More : ਚੰਡੀਗੜ੍ਹ ਗ੍ਰਨੇਡ ਧਮਾਕਾ: 2 ਮੁੱਖ ਦੋਸ਼ੀ ਹਰਿਆਣਾ ਤੋਂ ਗ੍ਰਿਫ਼ਤਾਰ
