ਗੈਸ ਚੋਰੀ ਕਰਨ ਵਾਲੇ 4 ਮੁਲਜ਼ਮ ਗ੍ਰਿਫ਼ਤਾਰ
ਹੁਸ਼ਿਆਰਪੁਰ, 24 ਅਗਸਤ : 22 ਅਗਸਤ ਦੀ ਰਾਤ ਨੂੰ ਮੰਡਿਆਲਾ ਵਿਚ ਵਾਪਰੇ ਗੈਸ ਕਾਂਡ ਹਾਦਸੇ ਬਾਰੇ ਐੱਸ.ਐੱਸ.ਪੀ. ਸੰਦੀਪ ਮਲਿਕ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਇਹ ਹਾਦਸਾ ਟੈਂਕਰ ਡਰਾਈਵਰ ਦੀ ਗਲਤੀ ਕਾਰਨ ਹੋਇਆ। ਉਸ ਨੇ ਇਹ ਜਾਣਦੇ ਹੋਏ ਕਿ ਉਸਦੇ ਟੈਂਕਰ ਵਿਚ ਗੈਸ ਭਰੀ ਹੋਈ ਹੈ, ਉਸਨੇ ਟੈਂਕਰ ਨੂੰ ਲਿੰਕ ਰੋਡ ’ਤੇ ਮੋੜ ਦਿੱਤਾ। ਇਸ ਮਾਮਲੇ ਵਿਚ ਟੈਂਕਰ ਡਰਾਈਵਰ ਵਿਰੁੱਧ 23 ਅਗਸਤ ਨੂੰ ਥਾਣਾ ਬੁੱਲ੍ਹੋਵਾਲ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਵਿਚ 4 ਮੁਲਜ਼ਮਾਂ ਸੁਖਚੈਨ ਸਿੰਘ ਉਰਫ ਸੁੱਖਾ ਥਾਣਾ ਬੁੱਲ੍ਹੋਵਾਲ, ਅਵਤਾਰ ਸਿੰਘ ਉਰਫ ਮਤੀ ਵਾਸੀ ਜੰਡੀ ਬੁੱਲ੍ਹੋਵਾਲ, ਰਮੇਸ਼ ਕੁਮਾਰ ਅਤੇ ਰਾਜ ਕੁਮਾਰ ਪੁੱਤਰ ਜਨਕ ਦਾਸ ਵਾਸੀ ਲੰਬਾ ਪਿੰਡ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ 22 ਅਗਸਤ ਨੂੰ ਰਾਤ 10 ਵਜੇ ਕੰਟਰੋਲ ਰੂਮ ’ਤੇ ਫੋਨ ਆਇਆ ਸੀ ਕਿ ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਸਥਿਤ ਪਿੰਡ ਮੰਡਿਆਲਾ ਵਿਚ ਇੰਡੀਅਨ ਆਇਲ ਪੈਟਰੋਲ ਪੰਪ ਦੇ ਨੇੜੇ ਇਕ ਗੈਸ ਟੈਂਕਰ ਅਤੇ ਜਲੰਧਰ ਵਾਲੇ ਪਾਸੇ ਤੋਂ ਸਬਜ਼ੀਆਂ ਨਾਲ ਭਰੀ ਹੋਈ ਮਹਿੰਦਰਾ ਪਿਕਅੱਪ ਦੀ ਆਪਸ ਵਿਚ ਟੱਕਰ ਹੋਈ ਹੈ ਅਤੇ ਮੌਕੇ ’ਤੇ ਬਹੁਤ ਭਿਆਨਕ ਅੱਗ ਲੱਗੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਡੀ.ਐੱਸ.ਪੀ. ਨਰਿੰਦਰ ਸਿੰਘ ਅਤੇ ਸਬ ਇੰਸਪੈਕਟਰ ਮਨਿੰਦਰ ਸਿੰਘ, ਮੁੱਖ ਥਾਣਾ ਅਧਿਕਾਰੀ ਬੁੱਲ੍ਹੋਵਾਲ, ਏ.ਐੱਸ.ਆਈ. ਸੁਰਿੰਦਰ ਪਾਲ ਸਿੰਘ ਇੰਚਾਰਜ ਚੌਕੀ ਨਸਰਾਲਾ, ਏ.ਐੱਸ.ਆਈ. ਸੰਜੀਵ ਕੁਮਾਰ ਇੰਚਾਰਜ ਚੌਕੀ ਸ਼ਾਮ ਚੁਰਾਸੀ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਜਨਤਾ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਗਏ। ਕੰਟਰੋਲ ਰੂਮ ਨੂੰ ਮੌਕੇ ’ਤੇ ਤੁਰੰਤ ਵੱਧ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸ ਭੇਜਣ ਦੀ ਅਪੀਲ ਕੀਤੀ ਗਈ।
ਮੌਕੇ ’ਤੇ ਪਤਾ ਲੱਗਾ ਕਿ ਟੈਂਕਰ ਐੱਲ.ਪੀ.ਜੀ. ਗੈਸ ਨਾਲ ਭਰਿਆ ਹੋਇਆ ਸੀ, ਜਿਸ ਨਾਲ ਉਪਰੋਕਤ ਮਹਿੰਦਰਾ ਪਿਕਅੱਪ ਗੱਡੀ ਦੀ ਟੱਕਰ ਹੋਈ ਹੈ ਅਤੇ ਹਾਦਸੇ ਕਾਰਨ ਟੈਂਕਰ ਵਿਚੋਂ ਗੈਸ ਲੀਕ ਹੋਣ ਕਾਰਨ ਭਿਆਨਕ ਅੱਗ ਲੱਗੀ ਹੋਈ ਹੈ। ਇਸ ਕਾਰਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ ਅਤੇ ਮੁੱਖ ਸੜਕ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਅਤੇ ਘਰਾਂ ਤਕ ਅੱਗ ਪਹੁੰਚ ਚੁੱਕੀ ਸੀ।
ਐੱਸ.ਐੱਸ.ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਨਾਲ ਮੌਕੇ ’ਤੇ ਪਹੁੰਚ ਕੇ ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਅੱਗ ਨਾਲ ਝੁਲਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਕੇ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ।
ਮੌਕੇ ’ਤੇ ਵੱਖ-ਵੱਖ ਐਮਰਜੈਂਸੀ ਫਾਇਰ ਸਰਵਿਸਿਜ਼ ਟੀਮ ਜਲੰਧਰ, ਫਗਵਾੜਾ, ਕਪੂਰਥਲਾ, ਆਦਮਪੁਰ, ਏਅਰ ਫੋਰਸ ਸਟੇਸ਼ਨ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਨੂੰ ਬੁਲਾ ਕੇ ਅੱਗ ’ਤੇ ਕਾਬੂ ਪਾਇਆ ਗਿਆ। ਟੈਂਕਰ ਅਤੇ ਮਹਿੰਦਰਾ ਪਿਕਅੱਪ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ, ਜਿਨ੍ਹਾਂ ਦੇ ਨੰਬਰ ਪੜ੍ਹਣਯੋਗ ਯੋਗ ਨਹੀਂ ਸਨ।
ਉਨ੍ਹਾਂ ਕਿਹਾ ਕਿ ਉਪਰੋਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਹਾਦਸਾਗ੍ਰਸਤ ਟੈਂਕਰ ਦੇ ਡਰਾਈਵਰ ਦਾ ਨਾਂ ਸੁਖਜੀਤ ਵਾਸੀ ਪੰਧੇਰ ਖੇੜੀ ਥਾਣਾ ਮਲੋਦ ਜ਼ਿਲਾ ਖੰਨਾ ਹੈ ਅਤੇ ਹਾਦਸੇ ਸਮੇਂ ਸੁਖਚੈਨ ਸਿੰਘ ਸੁੱਖਾ ਰਾਮਨਗਰ ਢੇਹਾ ਦੇ ਡੇਰੇ ’ਤੇ ਜਾ ਰਿਹਾ ਸੀ। ਕਿਉਂਕਿ ਉਪਰੋਕਤ ਸੁਖਚੈਨ ਸਿੰਘ ਗੈਸ ਪਲਾਂਟ ਤੋਂ ਆਉਣ ਵਾਲੇ ਟੈਂਕਰਾਂ ਦੇ ਡਰਾਈਵਰਾਂ ਨਾਲ ਮਿਲੀਭੁਗਤ ਕਰ ਕੇ ਟੈਂਕਰਾਂ ਵਿਚੋਂ ਗੈਰ-ਕਾਨੂੰਨੀ ਤਰੀਕੇ ਨਾਲ ਜੁਗਾੜੂ ਪਾਈਪ ਦੀ ਮਦਦ ਨਾਲ ਗੈਸ ਕੱਢ ਕੇ ਇਸਨੂੰ ਸਿਲੰਡਰਾਂ ਵਿਚ ਭਰ ਕੇ ਅੱਗੇ ਗਾਹਕਾਂ ਨੂੰ ਵੇਚਦਾ ਹੈ।
ਐੱਸ.ਐੱਸ.ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਤਰ੍ਹਾਂ 3 ਹੋਰ ਵਿਅਕਤੀ ਅਵਤਾਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਜੰਡੀ ਥਾਣਾ ਬੁੱਲ੍ਹੋਵਾਲ, ਰਮੇਸ਼ ਕੁਮਾਰ ਅਤੇ ਰਾਜ ਕੁਮਾਰ ਦੋਵੇਂ ਪੁੱਤਰ ਜਨਕ ਦਾਸ ਵਾਸੀ ਲੰਬਾ ਪਿੰਡ ਜਲੰਧਰ ਵੀ ਗੈਸ ਟੈਂਕਰਾਂ ਦੇ ਡਰਾਈਵਰਾਂ ਨਾਲ ਮਿਲੀਭੁਗਤ ਕਰ ਕੇ ਐੱਚ.ਪੀ. ਗੈਸ ਪਲਾਂਟ ਵਿਚ ਆਉਣ ਵਾਲੇ ਟੈਂਕਰਾਂ ਵਿਚੋਂ ਗੈਸ ਕੱਢ ਕੇ ਅਗੇ ਸਿਲੰਡਰਾਂ ਵਿਚ ਭਰ ਕੇ ਆਪਣੇ-ਆਪਣੇ ਗਾਹਕਾਂ ਨੂੰ ਵੇਚਦੇ ਹਨ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਕਰਦਿਆਂ ਡਰਾਈਵਰ ਸੁਖਜੀਤ ਸਿੰਘ ਸਮੇਤ ਕੁੱਲ 5 ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 120 ਮਿਤੀ 23 ਅਗਸਤ 2025 ਨੂੰ ਥਾਣਾ ਬੁੱਲ੍ਹੋਵਾਲ ਵਿਚ ਦਰਜ ਕੀਤਾ ਗਿਆ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਜਾਂਚ ਦੌਰਾਨ ਸੁਖਚੈਨ ਸਿੰਘ ਨੂੰ ਕੱਲ੍ਹ 23 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸਨੇ ਮੰਨਿਆ ਕਿ ਉਸਦਾ ਘਰ ਬਾਹਰ ਖੇਤਾਂ ਵਿਚ ਹੋਣ ਕਾਰਨ ਡਰਾਈਵਰ ਨੂੰ ਆਪਣੇ ਘਰ ਬੁਲਾ ਕੇ ਇਕ ਟੈਂਕਰ ਵਿਚੋਂ ਜੁਗਾੜੂ ਪਾਈਪ ਦੀ ਮਦਦ ਨਾਲ ਕਰੀਬ ਚਾਰ-ਪੰਜ ਸਿਲੰਡਰਾਂ ਦੀ ਗੈਸ ਕਢਵਾਉਂਦਾ ਸੀ।
ਇਸ ਦੇ ਬਦਲੇ ਵਿਚ ਹਜ਼ਾਰ ਰੁਪਏ ਪ੍ਰਤੀ ਸਿਲੰਡਰ ਟੈਂਕਰ ਡਰਾਈਵਰ ਨੂੰ ਦਿੰਦਾ ਸੀ ਅਤੇ ਉਹ ਅੱਗੇ 1200-1300 ਵਿਚ ਇਕ ਸਿਲੰਡਰ ਆਪਣੇ ਗਾਹਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਦਾ ਸੀ। ਪੁਲਸ ਨੇ ਉਪਰੋਕਤ ਸੁਖਚੈਨ ਸਿੰਘ ਦੇ ਘਰ ਸਥਿਤ ਪਸ਼ੂਆਂ ਦੇ ਸ਼ੈੱਡ ਵਿਚੋਂ 10 ਐੱਲ.ਪੀ.ਜੀ. ਗੈਸ ਸਿਲੰਡਰ ਕਮਰਸ਼ੀਅਲ ਅਤੇ ਇਕ ਜੁਗਾੜੂ ਪਾਈਪ ਬਰਾਮਦ ਕਰ ਕੇ ਪੁਲਸ ਨੇ ਕਬਜ਼ੇ ਵਿਚ ਲੈ ਲਈ।
ਇਸ ਤੋਂ ਇਲਾਵਾ ਹੋਰ ਮੁਲਜ਼ਮਾਂ ਅਵਤਾਰ ਸਿੰਘ, ਰਮੇਸ਼ ਅਤੇ ਰਾਜ ਕੁਮਾਰ ਨੂੰ ਵੀ 23 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਿਨ੍ਹਾਂ ਨੇ ਇਹ ਵੀ ਮੰਨਿਆ ਕਿ ਉਹ ਟੈਂਕਰ ਡਰਾਈਵਰ ਨਾਲ ਮਿਲੀਭੁਗਤ ਕਰ ਕੇ ਟੈਂਕਰ ਵਿਚੋਂ ਗੈਸ ਕੱਢ ਕੇ ਸਿਲੰਡਰ ਆਪਣੇ-ਆਪਣੇ ਗਾਹਕਾਂ ਨੂੰ ਵੇਚਦੇ ਸਨ। ਉਪਰੋਕਤ ਤਿੰਨਾਂ ਮੁਲਜ਼ਮਾਂ ਦੇ ਮੰਡਿਆਲਾ ਵਿਚ ਵਿਸ਼ਵਕਰਮਾ ਮੰਦਰ ਦੇ ਨੇੜੇ ਬਣੇ ਗੋਦਾਮ ਵਿਚੋਂ 40 ਸਿਲੰਡਰ, 9 ਤੇਲ ਦੇ ਖਾਲੀ ਡਰੰਮ ਅਤੇ ਜੁਗਾੜੂ ਪਾਈਪ ਬਰਾਮਦ ਹੋਈ ਹੈ।
Read More : ਰਾਜਸਥਾਨ ਕੋਰਟ ਨੇ ਬਜਿੰਦਰ ਸਿੰਘ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ