ਮੋਹਾਲੀ

ਪੇਸ਼ੀ ਭੁਗਤਣ ਆਏ ਦੀ ਐੱਸ.ਐੱਸ.ਪੀ. ਦਫ਼ਤਰ ਨੇੜੇ ਗੋਲੀਆਂ ਮਾਰ ਕੇ ਹੱਤਿਆ

ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ ‘ਚ ਸੀ ਨਾਮਜ਼ਦ, ਅਦਾਲਤ ਨੇ ਕੀਤਾ ਸੀ ਬਰੀ

ਮੋਹਾਲੀ, 28 ਜਨਵਰੀ : ਮੋਹਾਲੀ ਵਿਖੇ ਐੱਸ.ਐੱਸ.ਪੀ. ਦੇ ਦਫ਼ਤਰ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਇਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਲੰਬੜ ਵਾਸੀ ਰੁੜਕੀ ਪੁਖਤਾ (ਖਰੜ) ਵਜੋਂ ਹੋਈ ਹੈ | ਉਹ ਜ਼ਿਲ੍ਹਾ ਅਦਾਲਤ ‘ਚ ਐੱਨ.ਡੀ.ਪੀ.ਐੱਸ. ਐਕਟ ‘ਚ ਪੇਸ਼ੀ ਭੁਗਤਣ ਲਈ ਆਇਆ ਸੀ ਤੇ ਉਸ ਨਾਲ ਉਸ ਦੀ ਪਤਨੀ ਅਮਨਪ੍ਰੀਤ ਕੌਰ ਵੀ ਨਾਲ ਸੀ।

ਉਹ ਅਦਾਲਤ ‘ਚ ਪੇਸ਼ ਹੋਣ ਤੋਂ ਬਾਅਦ ਜਿਉਂ ਹੀ ਆਪਣੀ ਕਾਰ ਕੋਲ ਪਹੁੰਚਿਆ ਤਾਂ ਪਹਿਲਾਂ ਤੋਂ ਘਾਤ ਲਾ ਕੇ ਬੈਠੇ 2 ਮੋਟਰਸਾਈਕਲ ਸਵਾਰਾਂ ‘ਚੋਂ ਇਕ ਨੇ ਉਸ ‘ਤੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਸਿਰ ‘ਚ ਗੋਲੀ ਵੱਜਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਉਹ ਜਿਉਂ ਹੀ ਲਹੂ-ਲੁਹਾਣ ਹੇਠਾਂ ਡਿੱਗਿਆ ਤਾਂ ਗੋਲੀ ਚਲਾਉਣ ਵਾਲਾ ਸ਼ਖ਼ਸ ਆਪਣੇ ਦੂਜੇ ਸਾਥੀ ਨਾਲ ਮੋਟਰਸਾਈਕਲ ‘ਤੇ ਬੈਠ ਕੇ ਹੀਰੋ ਹੋਮਸ ਵਾਲੀ ਸੜਕ ਵੱਲ ਫ਼ਰਾਰ ਹੋ ਗਏ | ਇਸ ਹਮਲੇ ਦੌਰਾਨ ਉਸ ਦੀ ਪਤਨੀ ਵਾਲ-ਵਾਲ ਬਚ ਗਈ |

ਉਕਤ ਘਟਨਾ ਦੌਰਾਨ ਪਹਿਲਾਂ ਤਾਂ ਲੋਕਾਂ ਨੂੰ ਇੰਜ ਜਾਪਿ ਜਿਵੇਂ ਕਿ ਟਾਇਰ ਫਟਣ ਦੀ ਆਵਾਜ਼ ਹੈ ਪਰ ਦੇਖਦਿਆਂ ਹੀ ਦੇਖਦਿਆਂ ਆਸਪਾਸ ਦੇ ਲੋਕ ਤੇ ਵੱਡੀ ਤਾਦਾਦ ‘ਚ ਪੁਲਸ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੀ ਅਤੇ ਉੱਚ ਅਧਿਕਾਰੀਆਂ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ | ਸਥਾਨਕ ਪੁਲਸ ਤੋਂ ਇਲਾਵਾ ਸੀ.ਆਈ.ਏ ਸਟਾਫ ਤੇ ਐਂਟੀ ਗੈਂਗਸਟਰ ਫੋਰਸ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ | ਫਾਰੈਂਸਿਕ ਟੀਮ ਨੇ ਮੌਕੇ ਤੋਂ ਸੈਂਪਲ ਅਤੇ ਗੋਲੀਆਂ ਦੇ 10 ਤੋਂ 15 ਦੇ ਕਰੀਬ ਖੋਲ ਆਪਣੇ ਕਬਜ਼ੇ ’ਚ ਲਏ ਤੇ ਮ੍ਰਿਤਕ ਦੀ ਕਾਰ ਵੀ ਕਬਜ਼ੇ ’ਚ ਲਈ ਗਈ |

ਸ਼ਾਮ 5 ਵਜੇ ਦੇ ਕਰੀਬ ਡੀ.ਆਈ.ਜੀ. ਡਾ. ਨਾਨਕ ਸਿੰਘ ਤੇ ਐੱਸ.ਐੱਸ.ਪੀ. ਮੋਹਾਲੀ ਹਰਮਨਦੀਪ ਸਿੰਘ ਹਾਂਸ ਮੌਕੇ ‘ਤੇ ਪਹੁੰਚੇ। ਘਟਨਾ ਦਾ ਜਾਇਜ਼ਾ ਲੈਣ ਉਪਰੰਤ ਡੀ.ਆਈ.ਜੀ. ਨਾਨਕ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਦਾਲਤ ‘ਚ ਪੇਸ਼ੀ ਭੁਗਤਣ ਲਈ ਆਇਆ ਸੀ, ਜਿਸ ਨੂੰ ਗੋਲੀਆਂ ਮਾਰਨ ਵਾਲਿਆਂ ਬਾਰੇ ਪੁਲਸ ਨੂੰ ਇਨਪੁਟ ਮਿਲੀ ਹੈ ਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ| ਗੁਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਤੋਂ ਕਈ ਮਾਮਲੇ ਦਰਜ ਹਨ |

ਗੁਰਵਿੰਦਰ ਸਿੰਘ ਸਮੇਤ 4 ਜਣਿਆਂ ’ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ

ਗੁਰਵਿੰਦਰ ਸਿੰਘ ਸਮੇਤ ਗੁਰਜੰਟ ਸਿੰਘ ਜੰਟਾ ਵਾਸੀ ਆਸਟ੍ਰੇਲੀਆ, ਹਰਬੰਸ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ, ਪ੍ਰਭਜੋਤ ਸਿੰਘ ਤੇ ਜਸ਼ਨਦੀਪ ਸਿੰਘ ਉਰਫ ਜਸ਼ਨ ਖ਼ਿਲਾਫ਼ ਨਵੰਬਰ 2024 ਨੂੰ ਸਦਰ ਖਰੜ ਦੀ ਪੁਲਸ ਵੱਲੋਂ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਪੁਲਸ ਵੱਲੋਂ ਜਸ਼ਨਦੀਪ ਸਿੰਘ ਦੇ ਕਬਜ਼ੇ ਤੋਂ 2 ਕਿੱਲੋ ਅਫ਼ੀਮ ਦੇ ਨਾਲ-ਨਾਲ 50,000 ਰੁਪਏ ਬਰਾਮਦ ਕੀਤੇ ਗਏ ਸਨ |

ਜਾਂਚ ਦੌਰਾਨ ਇਸ ਤਰ੍ਹਾਂ ਦੇ ਹੋਏ ਖ਼ੁਲਾਸੇ ਦੇ ਬਿਆਨ ਤੋਂ ਅੱਗੇ ਵਧਦਿਆਂ ਜਸ਼ਨਦੀਪ ਸਿੰਘ ਦੇ ਕਬਜ਼ੇ ਤੋਂ 2 ਕਿੱਲੋ 360 ਗ੍ਰਾਮ ਅਫ਼ੀਮ ਦੇ ਨਾਲ-ਨਾਲ 22,08,000 ਰੁਪਏ ਦੀ ਇਕ ਹੋਰ ਬਰਾਮਦਗੀ ਕੀਤੀ ਗਈ ਸੀ ਤੇ ਇਹ ਉਸ ਦੁਆਰਾ ਕੀਤੇ ਗਏ ਖ਼ੁਲਾਸੇ ਦੇ ਬਿਆਨ ਦੇ ਆਧਾਰ ‘ਤੇ ਹੀ ਸੀ ਕਿ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਇਸ ਮਾਮਲੇ ‘ਚ ਧਾਰਾ 29 ਤਹਿਤ ਨਾਮਜ਼ਦ ਕੀਤਾ ਗਿਆ ਸੀ | ਸਹਿ-ਮੁਲਜ਼ਮ ਦੇ ਕਬਜ਼ੇ ਤੋਂ ਅਫ਼ੀਮ ਦੀ ਬਰਾਮਦਗੀ 4 ਕਿੱਲੋ 360 ਗ੍ਰਾਮ ਨਿਕਲੀ , ਜੋ ਕਿ ਵਪਾਰਕ ਮਾਤਰਾ ‘ਚ ਆਉਂਦੀ ਹੈ |

ਇਸ ਖ਼ੁਲਾਸੇ ਤੋਂ ਬਾਅਦ ਹਰਬੰਸ ਸਿੰਘ ਅਤੇ ਸਰਬਜੀਤ ਕੌਰ ਨੂੰ ਨਾਮਜ਼ਦ ਕੀਤਾ ਗਿਆ ਸੀ | ਇਸ ਮਾਮਲੇ ‘ਚ ਗੁਰਵਿੰਦਰ ਸਿੰਘ, ਪ੍ਰਭਦੀਪ ਸਿੰਘ ਤੇ ਹਰਬੰਸ ਸਿੰਘ ਜ਼ਮਾਨਤ ‘ਤੇ ਹਨ ਜਦਕਿ ਜਸ਼ਨਦੀਪ ਸਿੰਘ ਜੇਲ੍ਹ ‘ਚ ਹੈ | ਗੁਰਜੰਟ ਸਿੰਘ ਇਸ ਸਮੇਂ ਆਸਟ੍ਰੇਲੀਆ ‘ਚ ਹੈ | ਪੁਲਸ ਵੱਲੋਂ ਸਰਬਜੀਤ ਕੌਰ ਤੇ ਗੁਰਜੰਟ ਸਿੰਘ ਦਾ ਚਲਾਨ ਹਾਲੇ ਅਦਾਲਤ ‘ਚ ਪੇਸ਼ ਨਹੀਂ ਕੀਤਾ ਗਿਆ |

ਗੋਲਡੀ ਬਰਾੜ ਨੇ ਲਈ ਕਤਲ ਦੀ ਜ਼ਿੰਮੇਵਾਰੀ

ਉਧਰ ਸੋਸ਼ਲ ਮੀਡੀਆ ‘ਤੇ ਗੈਂਗਸਟਰ ਗੋਲਡੀ ਬਰਾੜ ਵਲੋਂ ਗੁਰਵਿੰਦਰ ਲੰਬੜ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਭਰਾ ਗੁਰਲਾਲ ਬਰਾੜ ਦੇ ਕਤਲ ‘ਚ ਗੁਰਵਿੰਦਰ ਸ਼ਾਮਲ ਸੀ, ਪੁਲਸ ਪ੍ਰਸ਼ਾਸਨ ਗੁਰਵਿੰਦਰ ਨੂੰ ਸਜ਼ਾ ਨਹੀਂ ਦਿਵਾ ਸਕਿਆ, ਜਿਸ ਕਾਰਨ ਉਸ ਦਾ ਕਤਲ ਕਰਨਾ ਪਿਆ |

Read More : ਵਿਧਾਇਕ ਹਰਮੀਤ ਪਠਾਣਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਈ

Leave a Reply

Your email address will not be published. Required fields are marked *