ਦੇਰ ਰਾਤ ਬਾਹਰ ਨਾ ਨਿਕਲਣ ਵਿਦਿਆਰਥਣਾਂ, ਪ੍ਰਾਈਵੇਟ ਕਾਲਜ ਸੁਰੱਖਿਆ ਵਧਾਉਣ
ਕੋਲਕਾਤਾ, 12 ਅਕਤੂਬਰ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਹੋਸਟਲ ’ਚ ਰਹਿਣ ਵਾਲੀਆਂ ਵਿਦਿਆਰਥਣਾਂ, ਖਾਸ ਤੌਰ ’ਤੇ ਸੂਬੇ ਤੋਂ ਬਾਹਰ ਦੀਆਂ ਵਿਦਿਆਰਥਣਾਂ ਨੂੰ ਹੋਸਟਲ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਦੇਰ ਰਾਤ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ।
ਮਮਤਾ ਨੇ ਇਹ ਬਿਆਨ ਦੁਰਗਾਪੁਰ ਸਥਿਤ ਇਕ ਨਿੱਜੀ ਮੈਡੀਕਲ ਕਾਲਜ ਦੀ ਵਿਦਿਆਰਥਣ ਨਾਲ ਸ਼ੁੱਕਰਵਾਰ ਰਾਤ ਸਮੂਹਿਕ ਜਬਰ-ਜ਼ਨਾਹ ਦੀ ਕਥਿਤ ਘਟਨਾ ਤੋਂ ਬਾਅਦ ਦਿੱਤਾ। ਵਿਦਿਆਰਥਣ ਓਡਿਸ਼ਾ ਦੀ ਰਹਿਣ ਵਾਲੀ ਹੈ ਅਤੇ ਕਥਿਤ ਘਟਨਾ ਉਦੋਂ ਵਾਪਰੀ, ਜਦੋਂ ਉਹ ਆਪਣੇ ਇਕ ਦੋਸਤ ਨਾਲ ਰਾਤ ਖਾਣਾ ਖਾਣ ਲਈ ਬਾਹਰ ਗਈ ਸੀ।
ਮੁੱਖ ਮੰਤਰੀ ਮਮਤਾ ਨੇ ਕਿਹਾ, ‘‘ਪੁਲਸ ਹਰ ਵਿਅਕਤੀ ਦੀ ਆਵਾਜਾਈ ’ਤੇ ਨਜ਼ਰ ਨਹੀਂ ਰੱਖ ਸਕਦੀ। ਅਧਿਕਾਰੀਆਂ ਨੂੰ ਨਹੀਂ ਪਤਾ ਹੁੰਦਾ ਕਿ ਰਾਤ ’ਚ ਕੌਣ ਘਰ ਤੋਂ ਨਿਕਲ ਰਿਹਾ ਹੈ ਅਤੇ ਉਹ ਹਰ ਘਰ ਦੇ ਬਾਹਰ ਪਹਿਰਾ ਨਹੀਂ ਦੇ ਸਕਦੇ।’’
ਮਮਤਾ ਬੈਨਰਜੀ ਨੇ ਸਮੂਹਿਕ ਜਬਰ-ਜ਼ਨਾਹ ਦੀ ਘਟਨਾ ਨੂੰ ‘ਸਥਿਰ’ ਕਰਨ ਵਾਲੀ ਕਰਾਰ ਦਿੱਤਾ ਅਤੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮਮਤਾ ਨੇ ਘਟਨਾ ’ਤੇ ਆਪਣੀ ਪਹਿਲੀ ਪ੍ਰਤੀਕਿਰਿਆ ’ਚ ਕਿਹਾ, ‘‘ਇਹ ਦਿਲ ਨੂੰ ਝੰਜੋੜਨ ਵਾਲੀ ਘਟਨਾ ਹੈ… ਸਾਡਾ ਅਜਿਹੇ ਅਪਰਾਧਾਂ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ਦਾ ਰੁਖ਼ ਹੈ। ਇਸ ਮਾਮਲੇ ’ਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਬਾਕੀਆਂ ਦੀ ਤਲਾਸ਼ ਕਰ ਰਹੀ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।’’
ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥਣ ਜਿਸ ਸੰਸਥਾ ’ਚ ਪੜ੍ਹਦੀ ਹੈ, ਉਹ ਵੀ ਇਸ ਘਟਨਾ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ, ‘‘ਪ੍ਰਾਈਵੇਟ ਕਾਲਜਾਂ ਨੂੰ ਆਪਣੇ ਕੰਪਲੈਕਸਾਂ ਦੇ ਅੰਦਰ ਅਤੇ ਆਸ-ਪਾਸ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।’’
Read More : ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫ਼ੈਸਰ ਦਾ ਐੱਸ. ਸੀ. ਸਰਟੀਫ਼ਿਕੇਟ ਜਾਅਲੀ